ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਵਾੜਾ ਭਾਈਕਾ ਦੇ ਰਹਿਣ ਵਾਲੇ ਇਕ ਘੋੜਾ ਟਰਾਲਾ ਡਰਾਈਵਰ ਦੀ ਰਾਜਸਥਾਨ ਫੀਡਰ ਨਹਿਰ 'ਚ ਡੁੱਬ ਜਾਣ ਕਾਰਨ ਮੌਤ ਹੋ ਗਈ।

ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਟਰਾਲੇ ਦੇ ਸਹਾਇਕ ਡਰਾਈਵਰ 'ਤੇ ਕਤਲ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਉਕਤ ਕਲੀਨਰ ਨੇ ਪਹਿਲੋਂ ਉਸ ਦੇ ਸਿਰ 'ਚ ਇੱਟ ਮਾਰੀ ਫਿਰ ਨਹਿਰ 'ਚ ਧੱਕਾ ਦੇ ਦਿੱਤਾ। ਮਿ੍ਤਕ ਦੀ ਪਛਾਣ ਲਖਵੀਰ ਸਿੰਘ (50) ਵਾਸੀ ਵਾੜਾ ਭਾਈ ਕਾ ਵਜੋਂ ਹੋਈ ਹੈ। ਇਸ ਮਾਮਲੇ ਵਿਚ ਥਾਣਾ ਘੱਲਖੁਰਦ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੰਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਵਾੜਾ ਭਾਈ ਕਾ ਨੇ ਦੱਸਿਆ ਕਿ ਉਸ ਦਾ ਪਿਤਾ ਲਖਵੀਰ ਸਿੰਘ ਪਿੰਡ ਡੋਡ ਜ਼ਿਲ੍ਹਾ ਫਰੀਦਕੋਟ ਵਿਖੇ ਘੋੜਾ ਟਰਾਲੇ 'ਤੇ ਡਰਾਈਵਰ ਲੱਗਾ ਹੋਇਆ ਸੀ। ਉਨ੍ਹਾਂ ਦੇ ਹੀ ਪਿੰਡ ਦਾ ਸੁਖਦੀਪ ਸਿੰਘ ਉਰਫ ਕਾਲੂ ਵੀ ਉਸ ਨਾਲ ਸਹਾਇਕ ਡਰਾਈਵਰ ਲੱਗਾ ਹੋਇਆ ਸੀ।

ਸੰਦੀਪ ਸਿੰਘ ਨੇ ਦੱਸਿਆ ਕਿ 22 ਫਰਵਰੀ 2021 ਨੂੰ ਸੁਖਦੀਪ ਸਿੰਘ ਉਨ੍ਹਾਂ ਦੇ ਘਰ ਮੋਟਰਸਾਈਕਲ 'ਤੇ ਆਇਆ ਤੇ ਉਸ ਦੇ ਪਿਤਾ ਨੂੰ ਇਹ ਕਹਿ ਕੇ ਨਾਲ ਲੈ ਗਿਆ ਕਿ ਮਾਲਕ ਨਾਲ ਹਿਸਾਬ ਕਰ ਕੇ ਪੈਸੇ ਲੈਣ ਜਾਣਾ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਦੁਪਹਿਰ 2 ਵਜੇ ਜੋੜੀਆਂ ਨਹਿਰਾਂ ਦੀ ਵਿਚਕਾਰਲੀ ਪੱਟੜੀ 'ਤੇ ਸੁਖਦੀਪ ਸਿੰਘ ਨੇ ਉਸ ਦੇ ਪਿਤਾ ਲਖਵੀਰ ਸਿੰਘ ਦੇ ਸਿਰ 'ਚ ਇੱਟ ਮਾਰ ਕੇ ਉਸ ਨੂੰ ਨਹਿਰ 'ਚ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ਪਿਤਾ ਲਖਵੀਰ ਸਿੰਘ ਨਹਿਰ 'ਚ ਡੁੱਬ ਗਿਆ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜੱਜਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਕਥਿਤ ਦੋਸ਼ੀ ਸੁਖਦੀਪ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।