ਰਾਹੂਲ ਸ਼ਰਮਾ, ਫਾਜ਼ਿਲਕਾ : ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਹਾੜੇ ਮੌਕੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਸਿਖਲਾਈ ਪ੍ਰਰਾਪਤ ਨੌਜਵਾਨਾਂ ਨੂੰ ਟੂਲ ਕਿੱਟ ਵੰਡਣ ਲਈ ਇਕ ਸਮਾਗਮ ਕੀਤਾ ਗਿਆ। ਇਸ ਮੌਕੇ ਡੀਸੀ ਅਰਵਿੰਦ ਪਾਲ ਸਿੰਘ ਸੰਧੂ ਅਤੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਇਹ ਕਿੱਟਾਂ ਵੰਡੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਵਿਸੇਸ਼ ਤਰਜੀਹ ਹੈ ਕਿ ਸਮਾਜ ਦੇ ਕਮਜੋਰ ਵਰਗਾਂ ਦਾ ਆਰਥਿਕ ਸਸ਼ਕਤੀਕਰਨ ਹੋਵੇ। ਇਸੇ ਉਦੇਸ਼ ਨਾਲ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਨਿਟਕੋਟ ਦੇ ਮਾਰਫ਼ਤ ਸਿਖਲਾਈ ਕਰਵਾਈ ਗਈ ਸੀ ਅਤੇ ਉਸਤੋਂ ਬਾਅਦ ਅਜ ਵੱਖ ਵੱਖ ਟ੍ਰੇਡ ਦੀਆਂ ਟੂਲ ਕਿੱਟਾਂ ਵੰਡਣ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਇੱਥੇ ਸਿਰਫ 10-10 ਕਿੱਟਾਂ ਵੰਡੀਆਂ ਗਈਆਂ ਕਿਉਂਕਿ ਕੋਵਿਡ ਪ੍ਰਰੋਟੋਕਾਲ ਦੀ ਪਾਲਣਾ ਕਰਨੀ ਸੀ ਅਤੇ ਬਾਕੀਆਂ ਨੂੰ ਇਹ ਕਿੱਟਾਂ ਘਰੋਂ ਘਰੀ ਵੰਡ ਦਿੱਤੀਆਂ ਜਾਣਗੀਆਂ। ਜ਼ਿਲ੍ਹੇ ਵਿਚ ਕੁੱਲ 1500 ਕਿੱਟਾਂ ਵੰਡੀਆਂ ਜਾਣੀਆਂ ਹਨ।

ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਇੰਨ੍ਹਾਂ ਟੂਲ ਕਿੱਟਾਂ ਨਾਲ ਨੌਜਵਾਨ ਆਪਣਾ ਕੰਮਕਾਜ ਸ਼ੁਰੂ ਕਰ ਸਕਣਗੇ। ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਬਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ 250 ਇਲੈਕਟਿ੍ਸ਼ਨ ਕਿੱਟਾਂ, 100 ਪਲੰਬਰ ਕਿੱਟਾਂ, 1117 ਸਿਆਈ ਅਤੇ ਟੇਲਰਿੰਗ ਕਿੱਟਾਂ, 33 ਏਸੀ ਫਿਟਿੰਗ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਬਿਨ੍ਹਾਂ 458 ਪੰਚਰ ਕਿੱਟਾਂ ਵੱਖਰੇ ਤੌਰ ਤੇ ਵੰਡੀਆਂ ਜਾ ਰਹੀਆਂ ਹਨ।