ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੀਵਨੀ ਪੜ੍ਹ ਕੇ ਪ੍ਰਭਾਵਿਤ ਹੋਏ ਬਿਹਾਰ ਦੇ ਤਿੰਨ ਨੌਜਵਾਨ ਸਾਈਕਲ ਯਾਤਰਾ ਕਰ ਕੇ ਹੁਸੈਨੀਵਾਲਾ ਪੁੱਜੇ। ਇਹ ਤਿੰਨ ਦੇਸ਼ ਭਗਤ ਨੌਜਵਾਨ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਅਨੰਦ ਗੋਲਵਾ ਤੋਂ 26 ਨਵੰਬਰ 2019 ਨੂੰ ਸੰਵਿਧਾਨ ਦਿਵਸ ਵਾਲੇ ਦਿਨ ਸਾਈਕਲਾਂ 'ਤੇ ਨਿਕਲੇ ਸਨ। 14 ਦਿਨ ਸਾਈਕਲਿੰਗ ਕਰਦੇ ਰਸਤੇ ਵਿਚ 'ਪਾਣੀ ਬਚਾਓ ਪੰਛੀ ਬਚਾਓ' ਦਾ ਸੰਦੇਸ਼ ਦਿੰਦੇ ਇਹ ਨੌਜਵਾਨ 9 ਦਸੰਬਰ ਸ਼ਾਮ ਨੂੰ 1560 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸ਼ਹੀਦੀ ਸਮਾਰਕ ਹੁਸੈਨੀ ਵਾਲਾ (ਫਿਰੋਜ਼ਪੁਰ) ਪਹੁੰਚੇ। ਇੱਥੇ ਪਹੁੰਚਣ 'ਤੇ ਐੱਸਡੀਐੱਮ ਫਿਰੋਜ਼ਪੁਰ ਅਮਿਤ ਗੁਪਤਾ ਪੀਸੀਐੱਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਪਿੰ੍ਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ ਅਤੇ ਇਨ੍ਹਾਂ ਨੌਜਵਾਨਾਂ ਨੂੰ ਸ਼ਹੀਦੀ ਸਮਾਰਕ ਦੀ ਮਹੱਤਤਾ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਵਿਚਾਰਧਾਰਾ ਅਤੇ ਦੇਸ਼ ਦੀ ਆਜ਼ਾਦੀ ਵਿਚ ਉਨ੍ਹਾਂ ਦੇ ਯੋਗਦਾਨ ਸਬੰਧੀ ਵਿਸਥਾਰ ਨਾਲ ਦੱਸਿਆ। ਜਿਸ ਤੋਂ ਇਹ ਬੇਹੱਦ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਹਰ ਸਾਲ 23 ਮਾਰਚ ਨੂੰ ਸ਼ਹੀਦੀ ਦਿਹਾੜੇ 'ਤੇ ਇੱਥੇ ਪਹੁੰਚਣ ਦਾ ਪ੍ਰਣ ਕੀਤਾ। ਸ਼ਹੀਦਾਂ ਦੇ ਪਹਿਰਾਵੇ ਵਿਚ ਪਹੁੰਚੇ ਇਹ ਨੌਜਵਾਨ ਸੁਸ਼ਾਂਤ ਸਿੰਘ (ਭਗਤ ਸਿੰਘ ) ਸਵਿਮ ਕੁਮਾਰ (ਰਾਜਗੁਰੂ ) ਅਤੇ ਬ੍ਜੇਸ਼ ਕੁਮਾਰ ਸ਼ਹੀਦ ਸੁਖਦੇਵ ਦੇ ਪਹਿਰਾਵੇ ਵਿਚ ਟੀ ਸ਼ਰਟਾਂ ਉੱਪਰ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਪੇਂਟ ਕਰਵਾ ਕੇ ਪਹਿਨ ਕੇ ਸ਼ਹੀਦੀ ਸਮਾਰਕ 'ਤੇ ਬੇਹੱਦ ਸ਼ਰਧਾ ਪੂਰਵਕ ਨਤਮਸਤਕ ਹੋਏ ਅਤੇ ਆਪਣੇ ਨਾਲ ਲੈ ਕੇ ਆਏ ਚਿੜੀਆਂ ਦੇ ਜੋੜੇ ਨੰੂ ਆਜ਼ਾਦ ਕੀਤਾ। ਦੇਸ਼ ਦੇ ਤਿਰੰਗੇ ਝੰਡੇ ਜੋ ਨਾਲ ਲੈ ਕੇ ਆਏ ਸਨ, ਨੂੰ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਸ਼ਹੀਦੀ ਸਮਾਰਕ 'ਤੇ ਲਹਿਰਾਇਆ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਸ਼ਰਧਾ ਪ੍ਰਗਟਾਈ ਅਤੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ। ਇਸ ਉਪਰੰਤ ਇਹ ਨੌਜਵਾਨ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਪਹੁੰਚੇ, ਜਿੱਥੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਇਨ੍ਹਾਂ ਨੌਜਵਾਨਾਂ ਨੇ ਪਾਣੀ ਦੀ ਮਹੱਤਤਾ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿਚ ਪੰਛੀਆਂ ਦੀ ਜ਼ਰੂਰਤ 'ਤੇ ਵਿਸਥਾਰ ਸਹਿਤ ਵਿਚਾਰ। ਆਰਮੀ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਇਨ੍ਹਾਂ ਨੌਜਵਾਨਾਂ ਨੂੰ ਬੀਐੱਸਐੱਫ ਦੇ ਜਵਾਨਾਂ ਨਾਲ ਵੀ ਮਿਲਾਇਆ ਗਿਆ ਅਤੇ ਸ਼ਾਮ ਨੂੰ ਇਨ੍ਹਾਂ ਨੇ ਹਿੰਦ-ਪਾਕਿ ਸਰਹੱਦ 'ਤੇ ਰੀਟਰੀਟ ਸੈਰਾਮਨੀ ਦਾ ਵੀ ਆਨੰਦ ਲਿਆ।

ਇਸ ਮੌਕੇ ਸਕੂਲ ਸਟਾਫ ਦੇ ਸੁਖਵਿੰਦਰ ਸਿੰਘ ਲੈਕਚਰਾਰ, ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪਿ੍ਰਤਪਾਲ ਸਿੰਘ, ਦਵਿੰਦਰ ਕੁਮਾਰ, ਅਰੁਣ ਕੁਮਾਰ, ਪਰਮਿੰਦਰ ਸਿੰਘ ਸੋਢੀ, ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ, ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ, ਪ੍ਰਵੀਨ ਬਾਲਾ, ਸੰਦੀਪ ਕੁਮਾਰ, ਮਹਿਮਾ ਕਸ਼ਅਪ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।