ਪਰਮਿੰਦਰ ਸਿੰਘ ਥਿੰਦ ,ਫਿਰੋਜ਼ਪੁਰ : ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੇ ਨਜ਼ਦੀਕ ਪਿੰਡ ਟੇਂਡੀਵਾਲਾ ਦੇ ਕੋਲ ਸੋਮਵਾਰ ਦੇਰ ਸ਼ਾਮ ਬੇੜੀ ਪਲਟਣ ਨਾਲ ਤਿੰਨ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ । ਮ੍ਰਿਤਕਾਂ ਵਿੱਚ ਦੋ ਸਕੇ ਭੈਣ ਭਰਾ ਅਤੇ ਇੱਕ ਚਾਚੇ ਦੀ ਕੁੜੀ ਸ਼ਾਮਲ ਸੀ। ਬੇੜੀ ਪਲਟਣ ਸਮੇਂ ਬੇੜੀ ਵਿੱਚ ਕੁੱਲ ਅੱਠ ਜਣੇ ਸਵਾਰ ਸਨ ਜੋ ਪਿੰਡ ਕਾਲੂ ਵਾਲਾ ਤੋਂ ਝੋਨਾ ਲਾ ਕੇ ਵਾਪਸ ਪਿੰਡ ਆ ਰਹੇ ਸਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਪਿੰਡ ਕਾਲੂ ਵਾਲਾ ਤੋਂ ਝੋਨਾ ਲਾ ਕੇ ਬੇੜੀ ਵਿੱਚ ਅੱਠ ਲੋਕ ਜਦੋਂ ਵਾਪਸ ਆ ਰਹੇ ਸਨ ਤਾਂ ਤੇਜ਼ ਹਨੇਰੀ ਕਾਰਨ ਬੇੜੀ ਪਲਟ ਗਈ, ਬੇੜੀ ਪਲਟਦਿਆਂ ਹੀ ਪੰਜ ਜਣੇ ਤਾਂ ਤੈਰ ਕੇ ਬਾਹਰ ਆ ਗਏ ਪਰ ਦੋ ਸਕੇ ਭੈਣ ਭਰਾ ਅਤੇ ਇਕ ਉਨ੍ਹਾਂ ਦੇ ਚਾਚੇ ਦੀ ਕੁੜੀ ਪਾਣੀ ਵਿਚ ਡੁੱਬ ਗਏ।ਮਰਨ ਵਾਲਿਆਂ ਦੀ ਪਛਾਣ ਜਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਪਰਮਿੰਦਰ ਕੌਰ ਪੁੱਤਰੀ ਜੋਗਿੰਦਰ ਸਿੰਘ ਅਤੇ ਨਿਸ਼ਾਨ ਕੌਰ ਪੁੱਤਰੀ ਹਰਜੀਤ ਸਿੰਘ ਵਜ਼ੋਂ ਹੋਈ ਹੈ।


ਗ਼ਰੀਬੀ ਦੇ ਮਾਰਿਆਂ ਦੀ ਕਿਸੇ ਨੇ ਨਾ ਲਈ ਸਾਰ

ਸੋਮਵਾਰ ਦੇਰ ਸ਼ਾਮ ਹੋਏ ਹਾਦਸੇ ਵਿੱਚ ਮਾਰੇ ਗਏ ਤਿੰਨ ਨਾਬਾਲਗਾਂ ਦੀ ਮੌਤ ਮਗਰੋਂ ਬਦਕਿਸਮਤੀ ਇਹ ਰਹੀ ਕਿ ਪਰਿਵਾਰਾਂ ਦੀ ਗਰੀਬੀ ਦੂਰ ਕਰਨ ਲਈ ਦਿਹਾੜੀ 'ਤੇ ਝੋਨਾ ਲਾਉਣ ਗਏ ਦਰਿਆ ਸਤਲੁਜ ਦੀ ਭੇਟ ਚੜ੍ਹੇ ਤਿੰਨ ਮਾਸੂਮਾਂ ਦੀਆਂ ਲਾਸ਼ਾਂ ਵੀ ਉਨ੍ਹਾਂ ਦੇ ਆਪਣਿਆਂ ਨੂ ਹੀ ਬਾਹਰ ਕੱਢਣੀਆਂ ਪਈਆਂ। ਗਰੀਬੀ ਦੇ ਮਾਰਿਆਂ ਦੀ ਕਿਸੇ ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ ਨਾ ਲਈ।ਸਿਤਮਜ਼ਰੀਫੀ ਇਹ ਰਹੀ ਕੇ ਹਾਦਸੇ ਦੇ ਕਈ ਘੰਟੇ ਬੀਤ ਜਾਣ ਬਾਅਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਾ ਪਹੁੰਚਿਆ । ਪਿੰਡ ਵਾਲਿਆਂ ਆਪੇ ਹੀ ਆਪਣਿਆਂ ਦੀਆਂ ਲਾਸ਼ਾਂ ਦਰਿਆ ਚੋਂ ਲੱਭੀਆਂ।

Posted By: Jagjit Singh