ਸਟਾਫ ਰਿਪੋਰਟਰ, ਫਿਰੋਜ਼ਪੁਰ : ਪੰਜ ਸਾਲ ਬਾਅਦ ਰਾਜ ਦੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ ਜਾ ਰਿਹਾ ਹੈ। ਇਸ ਐਵਾਰਡ ਨਾਲ ਫਿਰੋਜਪੁਰ ਜ਼ਿਲ੍ਹੇ ਦੇ ਤਿੰਨ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ, ਇਨ੍ਹਾਂ ਵਿਚ ਦੋ ਵਾਰ ਦੇ ਓਲੰਪਿਅਨ ਰਹੇ ਸੂਬੇਦਾਰ ਮਨਜੀਤ ਸਿੰਘ, ਏਸ਼ੀਅਨ ਖਿਡਾਰੀ ਸੂਬੇਦਾਰ ਰਣਜੀਤ ਸਿੰਘ ਅਤੇ ਰੇਖਾ ਰਾਣੀ ਸ਼ਾਮਲ ਹਨ। ਖੇਡ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ ਪੰਜਾਬ ਸਰਕਾਰ ਦਾ ਇਹ ਸਰਵਉੱਚ ਐਵਾਰਡ ਹੈ। ਇਸ ਐਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਟਰਾਫੀ ਦੇ ਨਾਲ 2 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਲੋਕ ਸਭਾ ਚੋਣ ਤੋਂ ਠੀਕ ਪਹਿਲੇ ਸੂਬਾ ਸਰਕਾਰ ਨੇ ਖਿਡਾਰੀਆਂ ਨੂੰ ਖੁਸ਼ ਕਰਨ ਲਈ ਪੰਜ ਸਾਲ ਬਾਅਦ ਇਹ ਐਵਾਰਡ ਦੇਣ ਦਾ ਐਲਾਨ ਕੀਤਾ ਸੀ, ਇਸ ਵਿਚ 2011 ਤੋਂ ਲੈ ਕੇ 2018 ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਤਿੰਨ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਖਿਡਾਰੀ ਸ਼ਾਮਲ ਹਨ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਜੂਨ ਮਹੀਨੇ ਦੇ ਅੰਤ ਤੱਕ ਇਹ ਐਵਾਰਡ ਦੇ ਕੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੈਨਾ ਵਿਚ ਸੂਬੇਦਾਰ ਦੇ ਅਹੁਦੇ ਤੇ ਹੈਦਰਾਬਾਦ ਵਿਚ ਤੈਨਾਤ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਈਸ਼ਾ ਪੰਜਗਰਾਈਂ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 208 ਬੀਜਿੰਗ ਅਤੇ 2012 ਲੰਦਨ ਵਿਚ ਹੋਏ ਉਲੰਪਿਕ ਖੇਡਾਂ ਦਾ ਹਿੱਸਾ ਰਹੇ ਹਨ, ਇਸ ਦੇ ਇਲਾਵਾ 2010 ਵਿਚ ਚਾਇਨਾ ਵਿਚ ਖੇਡੇ ਗਏ ਏਸ਼ੀਅਨ ਖੇਡਾਂ ਵਿਚ ਦੋ ਚਾਂਦੀ ਦੇ ਮੈਡਲ ਉਨ੍ਹਾਂ ਨੇ ਹਾਸਲ ਕੀਤੇ। ਮਨਜੀਤ ਸਿੰਘ ਨੇ ਦੱਸਿਆ ਕਿ ਹੁਣ ਜਦ ਕਿ ਪੰਜਾਬ ਸਰਕਾਰ ਵੱਲੋਂ ਮਹਾਰਾਜ ਰਣਜੀਤ ਸਿੰਘ ਐਵਾਰਡ ਦੇ ਲਈ ਉਨ੍ਹਾਂ ਦਾ ਨਾਮ ਐਲਾਣ ਕੀਤਾ ਗਿਆ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵੀ ਖਿਡਾਰੀਆਂ ਨੇ ਆਪਣੇ ਖੇਡ ਕੋਸ਼ਲ ਨਾਲ ਦੇਸ਼ ਦੁਨੀਆਂ ਵਿਚ ਫਿਰੋਜ਼ਪੁਰ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਉਨ੍ਹਾਂ ਸਾਰਿਆਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਤਾਂਕਿ ਦੂਜੇ ਖਿਡਾਰੀ ਵੀ ਉਸ ਤੋਂ ਪ੍ਰਰੇਰਣਾ ਲੈ ਕੇ ਅੱਗੇ ਵੱਧ ਸਕਣ। ਜ਼ਿਲ੍ਹਾ ਖੇਡ ਅਧਿਕਾਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਮਨਜੀਤ ਸਿੰਘ ਦੇ ਇਲਾਵਾ ਰੋਇੰਗ ਖੇਡ ਨਾਲ ਹੀ ਰਣਜੀਤ ਸਿੰਘ ਅਤੇ ਰੇਖਾ ਰਾਣੀ ਨੂੰ ਐਵਾਰਡ ਦੇ ਲਈ ਐਲਾਣ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਣਜੀਤ ਸਿੰਘ ਨੇ 2010 ਅਤੇ 2012 ਵਿਚ ਹੋਏ ਏਸ਼ੀਅਨ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਦੇ ਮੈਡਲ ਅਤੇ ਤਾਂਬੇ ਦੇ ਮੈਡਲ ਹਾਸਲ ਕੀਤੇ ਹਨ, ਇਸੇ ਤਰ੍ਹਾਂ ਹੀ ਰੇਖਾ ਰਾਣੀ ਨੇ ਵੀ ਸਾਈਕਿਲੰਗ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।