ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪਹਾੜਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਤੇ ਪੰਜਾਬ 'ਚ ਡੈਮਾਂ ਦੇ ਵਧ ਰਹੇ ਪੱਧਰ ਕਾਰਨ ਪੰਜਾਬ ਅੰਦਰ ਹੜ੍ਹਾਂ ਵਾਲੇ ਬਣੇ ਹੋਏ ਹਨ। ਭਾਖੜਾ ਡੈਮ ਤੋਂ ਬੀਤੇ ਦਿਨੀਂ ਛੱਡਿਆ ਗਿਆ ਪੰਜਾਹ ਹਜ਼ਾਰ ਕਿਊਸਿਕ ਪਾਣੀ ਅਤੇ ਹੁਣ ਹਰੀਕੇ ਹੈੱਡ ਤੋਂ ਹੁਸੈਨੀਵਾਲਾ ਵੱਲ ਨੂੰ ਛੱਡਿਆ ਗਿਆ ਤਿੰਨ ਲੱਖ ਪੰਜਾਹ ਹਜ਼ਾਰ ਕਿਊਸਿਕ ਪਾਣੀ ਐਤਵਾਰ ਸ਼ਾਮ ਤਕ ਹੂਸੈਨੀਵਾਲਾ ਨੇੜੇ ਪਹੁੰਚਣ ਦੀ ਸੰਭਾਵਨਾ ਹੈ। ਹੜ੍ਹ ਦੇ ਸੰਭਾਵੀ ਖਤਰੇ ਨੂੰ ਵੇਖਦਿਆਂ ਡੀਸੀ ਫਿਰੋਜ਼ਪੁਰ ਵੱਲੋਂ ਸਤਲੁਜ 'ਤੇ ਵੱਸਦੇ 17 ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਐਤਵਾਰ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ, ਐੱਸਐੱਸਪੀ ਵਿਵੇਕਸ਼ੀਲ ਸੋਨੀ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਦਰਿਆਈ ਪਿੰਡਾਂ ਦਾ ਦੌਰਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕਿਹਾ ਕਿ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ। ਅੱਜ ਰਾਤ 9 ਤੋਂ 10 ਵਜੇ ਤਕ ਪਾਣੀ ਦਾ ਪੱਧਰ ਤਿੰਨ ਲੱਖ ਪੰਜਾਹ ਹਜ਼ਾਰ ਕਿਊਸਿਕ ਤਕ ਪਹੁੰਚ ਸਕਦਾ ਹੈ। ਉਨ੍ਹਾਂ ਆਖਿਆ ਕਿ ਹੁਸੈਨੀਵਾਲਾ ਸਰਹੱਦ ਤੋਂ ਥੱਲੇ ਪੈਂਦੇ ਸਤਲੁਜ ਕੰਡੇ 17 ਪਿੰਡਾਂ ਜਿਨ੍ਹਾਂ ਵਿਚ ਗੱਟੀ ਰਾਜੋਕੇ, ਟੇਂਡੀਵਾਲਾ, ਖੁੰਦਰ ਗੱਟੀ, ਚਾਂਦੀ ਵਾਲਾ, ਬਸਤੀ ਭਾਗ ਸਿੰਘ, ਜੱਲੋਕੇ, ਹਜ਼ਾਰਾ ਸਿੰਘ ਵਾਲਾ, ਭਾਨੇ ਵਾਲਾ, ਹਰੀਮੇ ਕੇ, ਨਵੀਂ ਗੱਟੀ, ਭੱਖੜਾ, ਬਸਤੀ ਨਿਹੰਗਾਂ ਵਾਲੀ, ਚੂਹੜੀ ਵਾਲਾ, ਕਾਲੂ ਵਾਲਾ, ਬਸਤੀ ਮਹਿਤਾਬ ਸਿੰਘ, ਕਮਾਲੇ ਵਾਲਾ ਆਦਿ ਨੂੰ ਖ਼ਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਪਿੰਡਾਂ ਤੋਂ ਹਿਜਰਤ ਕਰਨ ਵਾਲੇ ਲੋਕਾਂ ਲਈ ਫਿਰੋਜ਼ਪੁਰ ਅੰਦਰ ਵਿਸ਼ੇਸ਼ ਕੈਂਪ ਲਗਾ ਕੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਆਖਿਆ ਕਿ ਪੁਲਿਸ ਹਰ ਤਰ੍ਹਾਂ ਦੀ ਮੁਸੀਬਤ ਨਾਲ ਲੜਣ ਲਈ ਤਿਆਰ ਹੈ ਅਤੇ ਹੋਰਨਾਂ ਟੀਮਾਂ ਦੇ ਨਾਲ ਰਲ ਕੇ ਪੁਲਿਸ ਹਰ ਸੰਭਵ ਸਹਾਇਤਾ ਲਈ ਤਿਆਰ ਹੈ। ਉਧਰ ਪਿੰਡਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਪਿੰਡਾਂ ਨੂੰ ਖਾਲੀ ਕਰਨ ਦਾ ਮਨ ਬਣਾ ਲਿਆ ਹੈ ਅਤੇ ਕਿਸੇ ਵੀ ਅਣਹੋਣੀ ਤੋਂ ਬਚਨ ਲਈ ਅੱਜ ਹੀ ਬਹੁਤੇ ਲੋਕ ਪਿੰਡ ਛੱਡ ਕੇ ਫਿਰੋਜ਼ਪੁਰ ਸ਼ਹਿਰ ਅਤੇ ਵੱਖ ਵੱਖ ਟਿਕਾਣਿਆਂ ਵੱਲ ਹਿਜਰਤ ਕਰ ਸਕਦੇ ਹਨ।

Posted By: Seema Anand