ਪੱਤਰ ਪੇ੍ਰਰਕ, ਗੁਰੂਹਰਸਹਾਏ : ਬੀਤੇ ਦਿਨ ਗੁਰੂਹਰਸਹਾਏ ਦੇ ਨਾਲ ਲੱਗਦੇ ਮੰਡੀ ਪੰਜੇ ਕੇ ਉਤਾੜ ਤੋਂ ਦੁਪਹਿਰ ਸਮੇਂ ਅਣਪਛਾਤੇ ਚੋਰ ਘਰ 'ਚੋਂ ਨਗਦੀ, ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਤੇ ਬਿਆਨਾਂ ਦਰਸ਼ਨ ਰਾਮ ਪੁੱਤਰ ਦੀਵਾਨ ਚੰਦ ਵਾਸੀ ਪੰਜੇ ਕੇ ਉਤਾੜ ਨੇ ਦੱਸਿਆ ਕਿ ਬੀਤੇ ਦਿਨ ਜਦ ਉਸ ਦੀ ਪਤਨੀ ਅਤੇ ਉਹ ਦੁਕਾਨ 'ਤੇ ਸੀ ਅਤੇ ਘਰ ਦਾ ਗੇਟ ਬੰਦ ਕੀਤਾ ਹੋਇਆ ਸੀ ਤਾਂ ਕਰੀਬ ਸਾਢੇ 12 ਵਜੇ ਦੁਪਹਿਰ ਸਮੇਂ ਉਸ ਦਾ ਲੜਕਾ ਵਿਸ਼ਵਦੀਪ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਗੇਟ ਦੀ ਜਾਲੀ ਟੁੱਟੀ ਹੋਈ ਸੀ ਅਤੇ ਸਾਮਾਨ ਖਿੱਲਰਿਆ ਪਿਆ ਸੀ, ਜਿਸ ਤੋਂ ਬਾਅਦ ਇਸ ਸਬੰਧੀ ਉਸ ਦੇ ਲੜਕੇ ਨੇ ਉਸ ਨੂੰ ਸੂਚਨਾ ਦਿੱਤੀ ਤੇ ਜਦ ਉਸ ਨੇ ਘਰ ਜਾ ਕੇ ਚੈਕਿੰਗ ਕੀਤੀ ਤਾਂ ਘਰ 'ਚੋਂ 5 ਤੋਲੇ ਸੋਨੇ ਦੇ ਗਹਿਣੇ, ਇਕ ਆਈਫੋਨ ਅਤੇ 24 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ, ਜਿਸ ਤੋਂ ਬਾਅਦ ਗੁਰੂਹਰਸਹਾਏ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।