ਕੇਵਲ ਅਹੂਜਾ, ਮੱਖੂ

ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋ ਪੰਜਾਬ ਵਾਸੀਆਂ ਨੂੰ ਸਿਹਤ ਸਹੂਲਤਾਂ ਦੇਣ ਲਈ ਦਿੱਲੀ ਦੇ ਤਰਜ 'ਤੇ ਪੰਜਾਬ ਵਿੱਚ 15 ਅਗਸਤ ਤੋਂ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਪਰ ਮੱਖੂ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਹੋਇਆ ਸਿਵਲ ਹਸਪਤਾਲ ਵਿਚ ਸਟਾਫ, ਟੈਸਟ ਮਸ਼ੀਨਾਂ ਅਤੇ ਦਵਾਈਆਂ ਦੀ ਘਾਟ ਕਾਰਨ ਸਿਵਲ ਹਸਪਤਾਲ ਮੱਖੂ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਸਿਵਲ ਹਸਪਤਾਲ ਮੱਖੂ ਵਿਚ ਡਾਕਟਰਾਂ ਦੀ ਘਾਟ, ਟੈਸਟ ਮਸ਼ੀਨਾਂ ਅਤੇ ਦਵਾਈਆਂ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਮਜਬੂਰਨ ਮਹਿੰਗੇ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਪੈ ਰਿਹਾ ਹੈ। ਸਿਵਲ ਹਸਪਤਾਲ ਮੱਖੂ ਵਿਚ ਸਵੇਰ ਵੇਲੇ ਨਸ਼ੇ ਵਾਲੀਆਂ ਗੋਲੀਆਂ ਲੈਣ ਵਾਲਿਆਂ ਦੀ ਲੰਮੀ ਲਾਈਨ ਜ਼ਰੂਰ ਦੇਖਣ ਨੂੰ ਮਿਲਦੀ ਹੈ। ਪਿਛਲੀਆਂ ਸਰਕਾਰਾਂ ਵੱਲੋ ਸਿਵਲ ਹਸਪਤਾਲ ਮੱਖੂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਕੁਝ ਦਿਨਾਂ ਬਾਅਦ ਹੀ ਵਿਧਾਨ ਸਭਾ ਹਲਕਾ ਜ਼ੀਰਾ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ਵੱਲੋ ਸਿਵਲ ਹਸਪਤਾਲ ਮੱਖੂ ਦਾ ਦੌਰਾ ਕੀਤਾ ਗਿਆ ਅਤੇ ਦੇਖਿਆ ਕਿ ਹਸਪਤਾਲ ਦੀ ਚਾਰਦੀਵਾਰੀ ਟੁੱਟੀ ਹੋਈ ਹੈ, ਹਸਪਤਾਲ ਵਿਚ ਸਫਾਈ ਦਾ ਬੂਰਾ ਹਾਲ ਸੀ, ਹਸਪਤਾਲ ਵਿਚ ਸਟਾਫ ਅਤੇ ਦਵਾਈਆਂ ਦੀ ਘਾਟ ਸੀ। ਵਿਧਾਇਕ ਨਰੇਸ਼ ਕਟਾਰੀਆ ਵੱਲੋ ਕਿਹਾ ਗਿਆ ਸੀ ਕਿ ਜਲਦ ਹੀ ਹਸਪਤਾਲ ਵਿਚ ਸਟਾਫ ਪੂਰਾ ਕੀਤਾ ਜਾਵੇਗਾ ਅਤੇ ਜੋ ਦਵਾਈਆਂ ਦੀ ਘਾਟ ਹੈ ਉਹ ਵੀ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰਾਂ੍ਹ ਦੀ ਪੇ੍ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੀ ਐਚ ਸੀ ਮੱਖੂ ਦੇ ਐਸ ਐਮ ਓ ਸੰਦੀਪ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਦੱਸਿਆ ਕਿ ਸਿਵਲ ਹਸਪਤਾਲ ਵਿਚ ਸਟਾਫ, ਦਵਾਈਆਂ ਦੀ ਘਾਟ ਅਤੇ ਹਸਪਤਾਲ ਦੀ ਚਾਰਦੀਵਾਰੀ ਟੁੱਟੀ ਹੋਣ ਬਾਰੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਚੁੱਕੇ ਹਨ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ੍ਹ ਪੰਜਾਬ ਸਰਕਾਰ ਵੱਲੋਂ ਮੁਹੱਲਾਂ ਕਲੀਨਿਕ ਖੋਲ੍ਹੇ ਜਾ ਰਹੇ ਹੈ। ਉਸੇ ਤਰਾਂ੍ਹ ਹੀ ਸਿਵਲ ਹਸਪਤਾਲ ਮੱਖੂ ਵਿਚ ਡਾਕਟਰਾਂ ਦਾ ਸਟਾਫ, ਟੈਸਟ ਕਰਨ ਵਾਲ਼ੀਆਂ ਮਸ਼ੀਨਾਂ ਅਤੇ ਦਵਾਈਆਂ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਆਮ ਲੋਕਾਂ ਨੂੰ ਇਲਾਜ ਕਰਵਾਉਣ ਲਈ ਪ੍ਰਰਾਈਵੇਟ ਮਹਿੰਗੇ ਹਸਪਤਾਲਾਂ ਵਿਚ ਨਾ ਜਾਣਾ ਪਵੇ।