ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ: ਸਕਾਰਪੀਓ ਸਵਾਰ ਕੁੱਝ ਗੈਂਗਸਟਰਾਂ ਵੱਲੋਂ ਵੀਰਵਾਰ ਸ਼ਾਮ ਫਿਲਮੀ ਸਟਾਈਲ ਵਿਚ ਇਕ ਵਾਰਦਾਤ ਨੂੰ ਅੰਜ਼ਾਮ ਦੇਂਦਿਆਂ ਨਾ ਸਿਰਫ ਇਕ ਕਾਰ ਸਵਾਰ ਦੀ ਬੂਰੀ ਤਰਾਂ ਕੁੱਟਮਾਰ ਹੀ ਕੀਤੀ ਗਈ , ਸਗੋਂ ਬੰਦੂਕ ਸਮੇਤ ਹੋਰ ਵੀ ਹਥਿਆਰਾਂ ਨਾਲ ਲੈਸ ਇੰਨ੍ਹਾਂ ਗੈਂਗਸਟਰਾਂ ਵੱਲੋਂ ਪੀੜਤ ਦੀ ਕਾਰ ਦੀ ਵੀ ਚੰਗੀ ਤਰਾਂ ਭੰਨਤੋੜ ਕੀਤੀ ਗਈ। ਹਾਲਾਂਕਿ ਦੋਵਾਂ ਧਿਰਾਂ ਦੀ ਵਜ੍ਹਾ ਰੰਜਿਸ਼ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਕਿਤੇ ਨਾ ਕਿਤੇ ਝਗੜੇ ਦਾ 'ਖੁਰਾ' ਜ਼ਿਲ੍ਹੇ ਦੇ ਆਰਟੀਓ ਦਫਤਰ ਵੱਲ ਨੂੰ ਜਾਂਦਾ ਨਜ਼ਰ ਆ ਰਿਹਾ ਹੈ ।

ਇਸ ਦੌਰਾਨ ਮੌਕਾ-ਏ-ਵਾਰਦਾਤ 'ਤੇ ਖੜ੍ਹਾ ਪੁਲਿਸ ਦਾ ਇਕ ਸਬ ਇੰਸਪੈਕਟਰ ਨਾ ਸਿਰਫ ਮੂਕ ਦਰਸ਼ਕ ਬਣਿਆ ਰਿਹਾ ਸਗੋਂ ਉਸ ਵੱਲੋਂ ਸਬੰਧਤ ਥਾਣੇ ਨੂੰ ਇਤਲਾਹ ਵੀ ਨਾ ਕੀਤੀ ਗਈ।

ਜਾਣਕਾਰੀ ਅਨੁਸਾਰ, ਸ੍ਰੀ ਮੁਕਤਸਰ ਸਾਹਿਬ ਤੋਂ ਆਇਆ ਦੱਸਿਆ ਜਾ ਰਿਹਾ ਹਰੀਸ਼ ਨਾਂਅ ਦਾ ਇਕ ਵਿਅਕਤੀ ਜਿਉਂ ਹੀ ਆਪਣੇ ਇਕ ਸਾਥੀ ਨਾਲ ਫਿਰੋਜ਼ਪੁਰ ਦੇ ਆਰਟੀਓ ਦਫ਼ਤਰ ਵਿਚੋਂ ਬਾਹਰ ਨਿਕਲਿਆ ਤਾਂ ਦੂਜੇ ਪਾਸਿਓਂ ਆਈ ਇਕ ਸਕਾਰਪੀਓ ਕਾਰ 'ਚ ਸਵਾਰ ਕੁੱਝ ਹਮਲਾਵਰਾਂ ਵੱਲੋਂ ਬੰਦੂਕ ਦੇ ਜ਼ੋਰ 'ਤੇ ਉਨ੍ਹਾਂ ਨੂੰ ਰੋਕ ਕੇ ਜਿਥੇ ਕਾਰ ਦੀ ਭੰਨਤੋੜ ਕੀਤੀ ਗਈ, ਉਥੇ ਕਾਰ ਸਵਾਰਾਂ ਨੂੰ ਕਾਰ ਵਿਚੋਂ ਕੱਢ੍ਹ ਕੇ ਬੂਰੀ ਤਰਾਂ ਕੁੱਟਮਾਰ ਕੀਤੀ ਗਈ। ਇਸ ਦੌਰਾਨ ਇਕ ਵਿਅਕਤੀ ਨੇ ਭੱਜ ਕੇ ਆਪਣੀ ਜਾਨ ਬਚਾਈ ਜਦਕਿ ਦੂਜੇ ਵਿਅਕਤੀ ਨੂੰ ਹਮਲਾਵਰਾਂ ਨੇ ਇਸ ਕਦਰ ਬੂਰੀ ਤਰਾਂ ਕੁੱਟਿਆ ਕਿ ਉਸ ਦੀ ਕਮੀਜ਼ ਵੀ ਲੀਰੋ-ਲੀਰ ਕਰ ਦਿੱਤੀ ਗਈ। ਕੁੱਝ ਹੀ ਮਿੰਟਾਂ ਵਿਚ ਹਮਲਾਵਰ ਆਪਣੀ ਗੱਡੀ ਵਿਚ ਸਵਾਰ ਹੋ ਕੇ ਮੌਕੇ ਤੋਂ ਚਲੇ ਗਏ। ਘਟਨਾ ਦੇ ਕਰੀਬ ਵੀਹ ਮਿੰਟ ਬਾਅਦ ਜਦੋਂ ਪੱਤਰਕਾਰਾਂ ਵੱਲੋਂ ਘਟਨਾ ਸਬੰਧੀ ਐੱਸਐੱਚਓ ਸਿਟੀ ਮੁਕੇਸ਼ ਕੁਮਾਰ ਤੋਂ ਪੱਖ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਤਰਾਂ ਦੀ ਕਿਸੇ ਘਟਨਾ ਦੀ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰਦਿਆਂ ਫੌਰਨ ਮੌਕੇ 'ਤੇ ਪਹੁੰਚਣ ਦੀ ਗੱਲ ਕੀਤੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਪੁਲਿਸ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਗਈ।


ਆਰਟੀਓ ਦਫ਼ਤਰ ਵਿਚ ਕਿਸੇ ਕੰਮ ਆਇਆ ਸੀ ਕੁੱਟਮਾਰ ਦਾ ਸ਼ਿਕਾਰ ਹੋਇਆ ਵਿਅਕਤੀ

ਚਸ਼ਮਦੀਦ ਸੂਤਰਾਂ ਨੇ ਦੱਸਿਆ ਕਿ ਪੀੜਤ ਹਰੀਸ਼ ਕੁਮਾਰ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਆਰਟੀਓ ਦਫ਼ਤਰ ਵਿਚ ਬਤੌਰ ਏਜੰਟ ਕੰਮ ਕਰਦਾ ਹੈ। ਦੂਜੇ ਪਾਸੇ ਸੂਤਰਾਂ ਮੁਤਾਬਿਕ ਹਮਲਾਵਰ ਵੀ ਆਰਟੀਓ ਦਫ਼ਤਰ ਵਿਚੋਂ ਹੀ ਆਏ ਦੱਸੇ ਜਾ ਰਹੇ ਹਨ। ਨਿਤ-ਦਿਨ ਹੋ ਰਹੀਆਂ ਗੰਡਾਗਰਦੀ, ਲੁੱਟ ਖੋਹ ਅਤੇ ਕਤਲੋ ਗ਼ਾਰਤ ਦੀਆਂ ਵਾਰਦਾਤਾਂ ਤੋਂ ਤਾਂ ਸ਼ਹਿਰ ਇਕ 'ਗੈਂਗ ਲੈਂਡ' ਬਣਦਾ ਜਾ ਰਿਹਾ ਹੈ, ਜਦਕਿ ਪੁਲਿਸ ਦੀ ਬੇਬਸੀ ਸਾਫ਼ ਵੇਖਣ ਨੂੰ ਮਿਲ ਰਹੀ ਹੈ।

Posted By: Jagjit Singh