ਰੋਹਿਤ ਅਰੋੜਾ, ਫਿਰੋਜ਼ਪੁਰ : ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਵਿਰੁੱਧ ਵਰਤੀ ਗ਼ਲਤ ਸ਼ਬਦਾਵਲੀ ਲਈ ਭਾਜਪਾ ਦੇ ਸੰਸਦ ਮੈਂਬਰ ਤੇ ਫਿਲਮੀ ਕਲਾਕਾਰ ਰਵੀ ਕਿਸ਼ਨ ਵਿਰੁੱਧ ਫਿਰੋਜ਼ਪੁਰ ਜ਼ਿਲ੍ਹਾ ਕਚਿਹਰੀਆਂ ਵਿਚ ਚੱਲ ਰਹੇ ਮਾਣਹਾਨੀ ਦੇ ਮੁਕੱਦਮੇ ਵਿਚ ਬੁੱਧਵਾਰ ਨੂੰ ਗਵਾਹੀ ਦਰਜ ਕੀਤੀ ਗਈ। ਪਿੰਡ ਕਟੋਰਾ ਨਿਵਾਸੀ ਮੁਦੱਈ ਮੁਕੱਦਮਾ ਕਿਸਾਨ ਬਲਰਾਜ ਸਿੰਘ ਕਟੋਰਾ ਵੱਲੋਂ ਮਿਸ ਹਰਮਿਲਣਜੋਤ ਕੌਰ ਦੀ ਅਦਾਲਤ ਵਿਚ ਚੱਲ ਰਹੇ ਫ਼ੌਜਦਾਰੀ ਮਾਮਲੇ ਵਿਚ ਗਵਾਹੀ ਦਰਜ ਕਰਵਾਈ ਗਈ। ਅਦਾਲਤ ਨੇ ਬਾਕੀ ਰਹਿੰਦਿਆਂ ਗਵਾਹੀਆਂ 21 ਮਈ ਤਕ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਯਾਦ ਰਹੇ ਐੱਮਪੀ ਤੇ ਕਲਾਕਾਰ ਰਵੀ ਨੇ ਲੰਘੇ ਵਰ੍ਹੇ 24 ਦਸੰਬਰ ਨੂੰ ਟਵੀਟ ਕਰ ਕੇ ਧਰਨੇ ਵਿਚ ਬੈਠੇ ਕਿਸਾਨਾਂ ਨੂੰ 'ਢੌਂਗੀ' ਕਿਹਾ ਸੀ। ਕਿਸਾਨਾਂ ਵਿਰੁੱਧ ਘਟੀਆ ਟਿੱਪਣੀਆਂ ਕਰਨ ਵਾਲੇ ਭਾਜਪਾ ਆਗੂਆਂ ਵਿਰੁੱਧ ਮਾਰਚ ਮਹੀਨੇ ਵਿਚ ਫਿਰੋਜ਼ਪੁਰ ਤੇ ਜ਼ੀਰਾ ਦੀਆਂ ਫ਼ੌਜਦਾਰੀ ਅਦਾਲਤਾਂ ਵਿਚ ਮੁਕੱਦਮੇ ਕੀਤੇ ਗਏ ਸਨ। ਇਨ੍ਹਾਂ ਵਿਚ ਗੁਜਰਾਤ ਦਾ ਉਪ ਮੁੱਖ ਮੰਤਰੀ ਨਿਤਿਨ ਪਟੇਲ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸੰਸਦ ਮੈਂਬਰ ਤੇ ਕਲਾਕਾਰ ਰਵੀ ਕਿਸ਼ਨ ਸਮੇਤ ਕੌਮੀ ਸਕੱਤਰ ਰਾਮ ਮਹਾਂਦੇਵ ਦੇ ਖ਼ਿਲਾਫ਼ ਜ਼ਿਲ੍ਹੇ ਦੇ ਵਸਨੀਕ ਕਿਸਾਨਾਂ ਨੇ ਮੁਕੱਦਮੇ ਕੀਤੇ ਸਨ। ਮੁਕੱਦਮੇ ਦੀ ਪੈਰਵੀ ਕਰਦੇ ਹੋਏ ਵਕੀਲ ਰਜਨੀਸ਼ ਦਾਹੀਆ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਵਾਉਣ ਤੋਂ ਪਹਿਲਾਂ 20 ਜਨਵਰੀ ਨੂੰ ਇਨ੍ਹਾਂ ਨੂੰ ਲੀਗਲ ਨੋਟਿਸ ਭੇਜੇ ਗਏ ਸਨ ਤੇ ਕਿਸਾਨਾਂ ਕੋਲੋਂ ਮਾਫ਼ੀ ਮੰਗਣ ਲਈ ਲਿਖਿਆ ਗਿਆ ਸੀ ਪਰ ਐੱਮਪੀ ਤੇ ਕਲਾਕਾਰ ਰਵੀ ਕਿਸ਼ਨ ਨੇ ਹਾਲੇ ਤਕ ਨੋਟਿਸ ਦਾ ਜਵਾਬ ਨਹੀਂ ਦਿੱਤਾ ਤੇ ਇਸ ਨੇ ਮਾਫ਼ੀ ਮੰਗੀ ਹੈ।