ਅੰਗਰੇਜ ਭੁੱਲਰ, ਫਿਰੋਜ਼ਪੁਰ : ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦਾ ਵਫਦ ਹਰਜੀਤ ਸਿੰਘ ਸਿੱਧੂ, ਸਰਬਜੀਤ ਸਿੰਘ ਭਾਵੜਾ, ਦੀਦਾਰ ਸਿੰਘ ਮੁੱਦਕੀ, ਸਹਾਇਕ ਕਮਿਸ਼ਨਰ (ਜਨਰਲ) ਰਵਿੰਦਰ ਸਿੰਘ ਅਰੋੜਾ ਨੂੰ ਮਿਲਿਆ, ਜਿਸ ਵਿਚ ਉਨ੍ਹਾਂ ਵੱਲੋਂ ਬਾਕੀ ਵਿਭਾਗਾਂ ਵਾਂਗ ਸਰਕਾਰੀ ਸਕੂਲਾਂ ਵਿਚ 50 ਫੀਸਦੀ ਸਟਾਫ ਦੀ ਹਾਜ਼ਰੀ ਦੀ ਮੰਗ ਕੀਤੀ ਗਈ, ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ 50 ਤੋਂ ਵੱਧ ਅਧਿਆਪਕ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਪਿਛਲੇ ਦਿਨੀਂ ਮੈਡਮ ਰਚਨਾ ਮੋਂਗਾ ਦੀ ਬੇਵਕਤੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸਕੂਲਾਂ ਵਿਚ ਦਾਖਲਿਆਂ ਨੂੰ ਜਿਸ ਤਰ੍ਹਾਂ ਅਧਿਆਪਕ ਡੋਰ ਟੂ ਡੋਰ ਜਾ ਰਹੇ ਹਨ ਉਸ ਨਾਲ ਬੀਮਾਰੀ ਵੱਧਣ ਦੇ ਵੱਧ ਆਸਾਰ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਸਕੂਲ ਵਿਚ ਅਧਿਆਪਕ ਹਨ ਅਤੇ ਜੇਕਰ ਇਕ ਵੀ ਅਧਿਆਪਕ ਕੋਰੋਨਾ ਸੰਕਰਮਿਤ ਹੋ ਜਾਂਦਾ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ। ਮੁਲਾਜ਼ਮ ਦੇ ਕੋਰੋਨਾ ਸੰਕਰਮਿਤ ਹੋਣ ਦਾ ਡਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬੱਸਾਂ ਵਿਚ ਬੈਠਣ ਦੀ ਸਮਰਥਾ ਤੋਂ 50 ਪ੍ਰਤੀਸ਼ਤ ਘੱਟ ਵਿਅਕਤੀਆਂ ਦੇ ਬੈਠਣ ਦੀਆਂ ਹਦਾਇਤਾ ਕੀਤੀਆਂ ਹਨ, ਜਿਸ ਕਾਰਨ ਦੂਰੋਂ ਆਉਣ ਵਾਲੇ ਟੀਚਿੰਗ ਸਟਾਫ ਖਾਸ ਕਰਕੇ ਇਸਤਰੀ ਮੁਲਾਜ਼ਮਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਜ਼ਿਲ੍ਹਾ ਮੁਕਤਸਰ ਸਾਹਿਬ ਅਤੇ ਜਲੰਧਰ ਵਾਂਗ ਫਿਰੋਜ਼ਪੁਰ ਵਿਚ ਵੀ ਬਿਨਾ ਦੇਰੀ 50 ਫੀਸਦੀ ਸਟਾਫ ਦੀ ਹਾਜ਼ਰੀ ਦਾ ਪੱਤਰ ਜਾਰੀ ਕੀਤਾ ਜਾਵੇ। ਇਸ ਸਮੇਂ ਵਫਦ ਸਹਾਇਕ ਕਮਿਸ਼ਨਰ (ਜਨਰਲ) ਰਵਿੰਦਰ ਸਿੰਘ ਅਰੋੜਾ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਸਿੱਖਿਆ ਅਧਿਕਾਰੀਆਂ ਨੂੰ ਇਸ ਬਾਬਤ ਲਿਖਿਆ ਜਾਵੇਗਾ।