ਰਾਜੇਸ਼ ਢੰਡ, ਜ਼ੀਰਾ : ਬੇਸ਼ੱਕ ਸਮੇਂ ਦੀ ਸਰਕਾਰ ਵੱਲੋਂ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਪੜ੍ਹੇ ਲਿਖੇ ਅਤੇ ਦੇਸ਼ ਕੌਮ ਦੇ ਨਿਰਮਾਤਾ ਅਧਿਆਪਕ ਵਰਗ ਨੂੰ ਪਾਣੀ ਦੀਆਂ ਬੁਛਾੜਾਂ ਅਤੇ ਪੁਲਿਸ ਦੇ ਡੰਡੇ ਨਾਲ ਠੰਡਾ ਕੀਤਾ ਜਾਂਦਾ ਰਿਹਾ ਹੈ, ਪਰ ਫਿਰ ਵੀ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਧਿਆਪਕ ਵਰਗ ਨੂੰ ਪ੍ਰਰੇਰਿਤ ਕਰਨ ਹਿੱਤ ਸੌ ਫ਼ੀਸਦੀ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਇਸ ਸਬੰਧੀ ਸਕੂਲਾਂ ਵਿੱਚੋਂ ਅੰਕੜੇ ਪ੍ਰਰਾਪਤ ਕਰਕੇ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਿਫ਼ਰੋਜ਼ਪੁਰ ਦੇ ਲਗਭਗ 1200 ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ। ਜਿਸ 'ਚ ਵੱਖ-ਵੱਖ ਵਿਸ਼ਿਆਂ ਦੇ ਸੌ ਫੀਸਦੀ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਬੁਲਾਇਆ ਗਿਆ, ਪਰ ਅਫ਼ਸੋਸ ਕਿ ਸਰਕਾਰੀ ਸਕੂਲਾਂ ਵਿਚ ਇਸ ਦਿਨ ਛੁੱਟੀ ਨਹੀਂ ਕੀਤੀ ਗਈ, ਜਿਸ ਕਰਕੇ ਅਧਿਆਪਕਾਂ ਤੋਂ ਸੱਖਣੇ ਸਕੂਲਾਂ ਵਿਚ ਵਿਦਿਆਰਥੀ ਜੁੰਡੋ ਜੁੰਡੀ ਹੁੰਦੇ ਰਹੇ । ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿਚ ਇਕ ਇਕ ਸਕੂਲ ਤੋਂ 13 ਤੋਂ 15-15 ਤਕ ਅਧਿਆਪਕ ਬੁਲਾਏ ਗਏ ਭਾਵ ਕਿ ਸਕੂਲ 'ਚ ਪਿੱਛੇ ਪ੍ਰਬੰਧ ਕੰਟਰੋਲ ਲਈ ਅਧਿਆਪਕਾਂ ਦੀ ਗਿਣਤੀ ਨਾਮਾਤਰ ਜਾਂ ਫਿਰ ਬਿਲਕੁਲ ਹੀ ਨਹੀਂ ਰਹਿ ਗਈ ਸੀ। ਜ਼ੀਰਾ ਬਲਾਕ ਦੇ ਇਕੱਤਰ ਅੰਕੜਿਆਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਤੋਂ 13 ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜਰਾਂ ਤੋਂ 13, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਜੱਲੇ ਖਾਂ ਤੋਂ 14, ਸਰਕਾਰੀ ਹਾਈ ਸਕੂਲ ਰਟੌਲ ਰੋਹੀ ਤੋਂ 10, ਸਰਕਾਰੀ ਹਾਈ ਸਕੂਲ ਲਹਿਰਾ ਰੋਹੀ ਤੋਂ 10, ਸਰਕਾਰੀ ਹਾਈ ਸਕੂਲ ਮਨਸੂਰਦੇਵਾ ਤੋਂ 14, ਸਰਕਾਰੀ ਹਾਈ ਸਕੂਲ ਪੰਡੋਰੀ ਖੱਤਰੀਆਂ ਤੋਂ 9 ਅਧਿਆਪਕ ਇਸ ਸਨਮਾਨ ਸਮਾਰੋਹ ਵਿੱਚ ਬੁਲਾਏ ਗਏ ਸਨ। ਇਸ ਸਬੰਧੀ ਜਦੋਂ ਸਿੱਖਿਆ ਵਿਭਾਗ ਦਾ ਪੱਖ ਜਾਨਣ ਲਈ ਵਿਭਾਗ ਦੇ ਮੀਡੀਆ ਇੰਚਾਰਜ ਰਾਜੇਸ਼ ਮਹਿਤਾ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜੇ ਸਕੂਲਾਂ ਵਿੱਚੋਂ ਸਨਮਾਨਿਤ ਕਰਨ ਲਈ ਅਧਿਆਪਕਾਂ ਨੂੰ ਬੁਲਾਇਆ ਗਿਆ ਹੈ, ਉਨ੍ਹਾਂ ਨੂੰ ਸਕੂਲ ਵਿਚ ਪ੍ਰਬੰਧਾਂ ਦੀ ਐਡਜਸਟਮੈਂਟ ਕਰਕੇ ਆਉਣ ਲਈ ਹੀ ਕਿਹਾ ਸੀ।