ਸੁਖਵਿੰਦਰ ਥਿੰਦ, ਫਾਜ਼ਿਲਕਾ : ਆਈਟੀਆਈ ਇੰਪਲਾਈਜ਼ ਯੂਨੀਅਨ ਦੀ ਲੋਕਲ ਯੂਨਿਟ ਵੱਲੋਂ ਸਾਥੀ ਮਦਨ ਲਾਲ ਕਿੱਕਰ ਖੇੜਾ ਦੀ ਪ੍ਧਾਨਗੀ ਵਿਚ ਸਾਂਝੀਆਂ ਮੰਗਾਂ ਲਈ ਇਕ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪਟਿਆਲਾ ਅਤੇ ਮਾਨਸਾ ਵਿਚ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮ ਤੁਰੰਤ ਪੱਕੇ ਕੀਤੇ ਜਾਣ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਸ਼ੁਰੂ ਕੀਤੀ ਜਾਵੇ, ਡੀਏ ਦਾ 22 ਮਹੀਨਿਆਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਛੇਵਾਂ ਪੇਅ ਕਮਿਸ਼ਨ ਚੋਣਾਂ ਤੋਂ ਪਹਿਲਾਂ ਪਹਿਲਾਂ ਲਿਆਂਦਾ ਜਾਵੇ, ਸਰਕਾਰ ਵਲੋਂ ਦਿੱਤਾ ਬਿਆਨ ਜਿਸ ਵਿਚ ਸਿਰਫ਼ 6 ਫ਼ੀਸਦੀ ਡੀਏ ਦੇਣ ਦੀ ਗੱਲ ਕੀਤੀ ਗਈ ਹੈ ਸਾਰੇ ਮੁਲਾਜ਼ਮਾਂ ਵਲੋਂ ਇਸ ਸੋਸ਼ਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਹਰੀਸ਼ ਕੰਬੋਜ ਨੇ ਕਿਹਾ ਕਿ ਪੂਰੇ ਦੇਸ਼ ਦੇ ਲਗਭਗ 17 ਰਾਜਾਂ ਵਿਚ ਸੱਤਵਾਂ ਪੇਅ ਕਮਿਸ਼ਨ ਲਾਗੂ ਹੋ ਚੁੱਕਿਆ ਹੈ ਤੇ ਕੇਂਦਰ ਸਰਕਾਰ ਪਹਿਲਾਂ ਹੀ ਆਪਣੇ ਅਦਾਰਿਆਂ ਵਿਚ ਲਾਗੂ ਕਰ ਚੁੱਕੀ ਹੈ। ਪਰ ਪੰਜਾਬ ਸਰਕਾਰ ਸਿਰਫ਼ ਮੁਲਾਜ਼ਮਾਂ ਦੇ ਸ਼ੋਸ਼ਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰ ਰਹੀ।