ਫਾਜ਼ਿਲਕਾ : ਸੂਬੇ ਦੇ ਹੈਰੋਇਨ ਸਮੱਗਲਰ ਜਲਾਲਾਬਾਦ ਦੇ ਪਿੰਡ ਬੱਗੇ ਦੇ ਮੋੜ 'ਤੇ ਭਾਰਤ-ਪਾਕਿਸਤਾਨ ਸਰਹੱਦ ਦੇ ਰਸਤੇ ਪਾਕਿ ਤੋਂ ਭਾਰਤ ਵਿਚ ਹੈਰੋਇਨ ਲਿਆਉਣ ਦੇ ਯਤਨਾਂ ਵਿਚ ਹਨ। ਇਸ ਸਬੰਧ ਵਿਚ ਖੁਫੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਇਤਲਾਹ ਕੀਤੀ ਸੀ, ਜਿਸ ਦੇ ਆਧਾਰ 'ਤੇ ਪੰਜਾਬ ਪੁਲਿਸ ਤੇ ਬੀਐੱਸਐੱਫ ਨੇ 2 ਵਾਰ ਤਲਾਸ਼ੀ ਮੁਹਿੰਮ ਚਲਾਈ ਸੀ ਪਰ ਸਰਹੱਦ 'ਤੇ ਬਣੇ ਤਣਾਅ ਤੇ ਬਾਰਸ਼ ਕਾਰਨ ਤਲਾਸ਼ੀ ਮੁਹਿੰਮ ਮੁਕੰਮਲ ਨਹੀਂ ਹੋ ਸਕੀ। ਪੰਜਾਬ ਪੁਲਿਸ ਨੇ ਹੈਰੋਇਨ ਸਮੱਗਲਰਾਂ ਦੇ ਪਾਕਿਸਤਾਨ ਨਾਲ ਤਾਲਮੇਲ ਹੋਣ ਦੀ ਖ਼ਬਰ ਪੁਖ਼ਤਾ ਹੋਣ ਦੇ ਆਧਾਰ 'ਤੇ ਅਣਪਛਾਤੇ ਅਨਸਰਾਂ ਉੱਤੇ ਮੁਕੱਦਮਾ ਕਾਇਮ ਕੀਤਾ ਸੀ। ਅਗਲੀ ਕਾਰਵਾਈ ਪੁਲਿਸ ਦੀ ਤਲਾਸ਼ੀ ਮੁਹਿੰਮ ਵਿਚ ਸਫਲਤਾ ਪਾਉਣ ਦੀ ਗੱਲ ਸਪਸ਼ਟ ਕਰ ਸਕੇਗੀ।

ਜਾਣਕਾਰੀ ਮੁਤਾਬਕ ਸਰਹੱਦੀ ਇਲਾਕੇ ਦੀਆਂ ਖ਼ੁਫੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਇਤਲਾਹ ਕੀਤੀ ਸੀ ਕਿ ਸੂਬੇ ਦੇ ਹੈਰੋਇਨ ਸਮੱਗਲਰਾਂ ਨਾਲ ਪਾਕਿਸਤਾਨ ਦੇ ਸਮੱਗਲਰਾਂ ਦੇ ਸਬੰਧ ਹਨ ਤੇ ਪੰਜਾਬ ਦੇ ਸਮੱਗਲਰ ਪਾਕਿਸਤਾਨ ਤੋਂ ਵੱਡੀ ਮਾਤਰਾ ਵਿਚ ਹੈਰੋਇਨ ਭਾਰਤ ਲਿਆਉਣ ਦੇ ਯਤਨਾਂ ਵਿਚ ਹਨ। ਇਸ 'ਤੇ ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਅਫਸਰਾਂ ਨੇ ਐਤਵਾਰ ਨੂੰ ਜਲਾਲਾਬਾਦ ਦੇ ਪਿੰਡ ਬੱਗੇ ਦੇ ਮੋੜ ਵਿਚ ਤਾਰਬੰਦੀ ਤੋਂ ਅੱਗੇ ਤਲਾਸ਼ੀ ਮੁਹਿੰਮ ਚਲਾਈ ਸੀ ਪਰ ਭਾਰਤ-ਪਾਕਿ ਸਰੱਹਦੀ ਇਲਾਕਿਆਂ ਵਿਚ ਰਾਜਸਥਾਨ ਸਰਹੱਦ 'ਤੇ ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਟੋਹੀ ਜਹਾਜ਼ ਭੇਜਣ ਕਰ ਕੇ ਤਣਾਅ ਪੱਸਰਿਆ ਹੋਇਆ ਹੈ। ਸੋਮਵਾਰ ਨੂੰ ਜਦੋਂ ਮੁੜ ਪੰਜਾਬ ਪੁਲਿਸ ਤੇ ਬੀਐੱਸਐੱਫ ਨੇ ਤਾਰਬੰਦੀ ਦੇ ਅੱਗੇ ਸਾਂਝੀ ਮੁਹਿੰਮ ਚਲਾਈ ਸੀ ਤਾਂ ਬਾਰਸ਼ ਪੈ ਗਈ। ਇਸ ਵਜ੍ਹਾ ਨਾਲ ਮੁਹਿੰਮ ਟਾਲਣੀ ਪਈ।

ਓਧਰ ਤਫ਼ਤੀਸ਼ੀ ਅਧਿਕਾਰੀ ਰਛਪਾਲ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਖਬਰ ਨੇ ਇਤਲਾਹ ਕੀਤੀ ਸੀ ਕਿ 9 ਮਾਰਚ ਨੂੰ ਰਾਤ ਵੇਲੇ ਪੰਜਾਬ ਦੇ ਹੈਰੋਇਨ ਸਮੱਗਲਰ, ਪਾਕਿ ਵਿਚ ਬੈਠੇ ਸਮੱਗਲਰਾਂ ਨਾਲ ਤਾਲਮੇਲ ਕਰਨਗੇ ਤੇ ਉਸੇ ਰਾਤ ਹਨੇਰੇ ਦਾ ਲਾਹਾ ਲੈ ਕੇ ਹੈਰੋਇਨ ਪੰਜਾਬ ਵਿਚ ਭੇਜਣ ਲਈ ਤਾਰਾਂ ਜ਼ਰੀਏ ਉੱਥੋਂ ਇੱਥੇ ਆਵੇਗੀ। ਰਛਪਾਲ ਸਿੰਘ ਨੇ ਦੱਸਿਆ ਕਿ ਇਤਲਾਹ ਪੁਖ਼ਤਾ ਹੋਣ ਕਾਰਨ ਉਨ੍ਹਾਂ ਨੇ ਅਣਪਛਾਤੇ ਅਨਸਰਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।