ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਛੱਡਣ ਵਾਲੇ ਦੋ ਵਾਰ ਦੇ ਵਿਧਾਇਕ ਅਤੇ ਸਾਬਕਾ ਸੀਪੀਐੱਸ ਸੁਖਪਾਲ ਸਿੰਘ ਨੰਨੂ ਨੇ ਮੰਗਲਵਾਰ ਨੂੰ ਘਰ ਵਾਪਸੀ ਕਰ ਲਈ ਹੈ। ਉਨ੍ਹਾਂ ਦੇ ਗ੍ਰਹਿ 49 ਮਮਦੋਟ ਹਾਊਸ ਵਿਖੇ ਸਮਰਥਕਾਂ ਦੇ ਵੱਡੇ ਇਕੱਠ ਸਾਹਮਣੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਪਾਰਟੀ ਦੇ ਸੂਬਾਈ ਆਗੂਆਂ ਨੇ ਉਨ੍ਹਾਂ ਦੀ ਘਰ ਵਾਪਸੀ ਕਰਵਾਈ। ਸੁਖਪਾਲ ਸਿੰਘ ਨੰਨੂੰ ਦੀ ਕੋਠੀ 49 ਮਮਦੋਟ ਹਾਊਸ ਵਿਖੇ ਮੰਗਲਵਾਰ ਨੂੰ ਪ੍ਰੈੱਸ ਵਾਰਤਾ ਦੌਰਾਨ ਨੰਨੂ ਨੂੰ ਪਾਰਟੀ ਵਿੱਚ ਵਾਪਸੀ ਕਰਵਾਈ ਗਈ। ਚੰਡੀਗੜ੍ਹ ਤੋਂ ਆਏ ਸੂਬਾਈ ਆਗੂਆਂ ਨੇ ਨੰਨੂ ਨੂੰ ਪਾਰਟੀ ਵਿੱਚ ਪਹਿਲਾਂ ਵਾਂਗ ਹੀ ਬਣਦਾ ਮਾਣ-ਸਤਿਕਾਰ ਦਿੱਤੇ ਜਾਣ ਦਾ ਵਾਅਦਾ ਕੀਤਾ।

ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਨੰਨੂੰ ਪਾਰਟੀ ਦੇ ਪੁਰਾਣੇ ਅਹੁਦੇਦਾਰ ਹਨ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਆਪਣੇ ਵਰਕਰਾਂ ਸਮੇਤ ਉਨ੍ਹਾਂ ਦਾ ਸਾਥ ਦਿੱਤਾ ਹੈ, ਉਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਗੁੰਡਾਗਰਦੀ ਨੂੰ ਖ਼ਤਮ ਕਰਨਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਉਨ੍ਹਾਂ ਦਾ ਪਹਿਲਾ ਵੱਡਾ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਦਹਿਸ਼ਤ ਵਿੱਚ ਲੋਕ ਜ਼ਿੰਦਗੀ ਜੀਅ ਰਹੇ ਹਨ, ਲੋਕਾਂ ਨੂੰ ਉਸ ਡਰ ਦੇ ਮਾਹੌਲ ਵਿੱਚੋਂ ਬਾਹਰ ਕੱਢਿਆ ਜਾਵੇਗਾ। ਰਾਣਾ ਸੋਢੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫਿਰੋਜ਼ਪੁਰ ਦੀ ਤਰੱਕੀ ਅਤੇ ਵਿਕਾਸ ਲਈ ਕਈ ਕੰਮ ਕੀਤੇ ਗਏ ਹਨ। ਨੰਨੂੰ ਦੇ ਪਰਿਵਾਰ ਨਾਲ ਉਨ੍ਹਾਂ ਦੇ 50 ਸਾਲ ਪੁਰਾਣੇ ਸਬੰਧ ਹਨ । ਨੰਨੂੰ ਉਨ੍ਹਾਂ ਦਾ ਛੋਟਾ ਭਰਾ ਹੈ ਅਤੇ ਉਨ੍ਹਾਂ (ਰਾਣਾ ਸੋਢੀ) ਦਾ ਦਫ਼ਤਰ ਨੰਨੂੰ ਦੇ ਘਰੋਂ ਹੀ ਚੱਲੇਗਾ। ਉਨ੍ਹਾਂ ਵਾਅਦਾ ਕੀਤਾ ਕਿ ਹਲਕੇ ਅੰਦਰ ਹਰ ਕੰਮ ਸੁਖਪਾਲ ਨੰਨੂੰ ਤੋਂ ਪੁੱਛ ਕੇ ਹੀ ਹੋਇਆ ਕਰੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕਪੂਰ, ਸੂਬਾ ਕਾਰਜਕਾਰਨੀ ਮੈਂਬਰ ਨਤਿੰਦਰ ਮੁਖੀਜਾ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਮੋਨੂੰ ਰੱਖੜੀ, ਦੀਪਕ ਵਰਮਾ, ਐਡਵੋਕੇਟ ਕਰਨ ਪੁਗਲ, ਮੋਹਿਲ ਢੱਲ ਸਮੇਤ ਦਰਜਨਾਂ ਪਿੰਡਾਂ ਦੇ ਭਾਜਪਾ ਵਰਕਰ ਹਾਜ਼ਰ ਸਨ।

49 ਮਮਦੋਟ ਹਾਊਸ ’ਚ ਫਿਰ ਲਹਿਰਾਇਆ ‘ਕਮਲ’

ਸੁਖਪਾਲ ਸਿੰਘ ਨੰਨੂ ਨੇ ਪਿਛਲੇ ਸਾਲ 19 ਅਗਸਤ ਨੂੰ ਭਾਜਪਾ ਛੱਡ ਦਿੱਤੀ ਸੀ। ਉਸ ਵੇਲੇ ਆਪਣੀ ਛੱਤ ’ਤੇ ਲੱਗੇ ਭਾਜਪਾ ਦੇ ਝੰਡੇ ਨੂੰ ਉਤਾਰਨ ਲੱਗਿਆਂ ਨੰਨੂ ਜਜ਼ਬਾਤੀ ਹੋ ਕੇ ਰੋ ਪਏ ਸਨ। ਉਨ੍ਹਾਂ ਆਖਿਆ ਸੀ ਕਿ ਉਨ੍ਹਾਂ ਦੇ ਪਿਤਾ ਵੱਲੋਂ 41 ਸਾਲ ਪਹਿਲਾਂ ਲਗਾਏ ਝੰਡੇ ਨੂੰ ਉਤਾਰਦਿਆਂ ਉਨ੍ਹਾਂ ਨੂੰ ਬੜੀ ਤਕਲੀਫ ਹੋ ਰਹੀ ਹੈ ਪਰ ਉਨ੍ਹਾਂ ਦੀ ਤਕਲੀਫ ਕਿਸਾਨਾਂ ਦੇ ਦਰਦ ਨਾਲੋਂ ਜ਼ਿਆਦਾ ਨਹੀਂ ਹੈ। ਉਸ ਵੇਲੇ ਸ਼ਾਇਦ ਨੰਨੂੰ ਨੂੰ ਇਹ ਅਹਿਸਾਸ ਨਹੀਂ ਸੀ ਕਿ 41 ਸਾਲ ਪੁਰਾਣੇ ਜਿਸ ਝੰਡੇ ਨੂੰ ਉਹ ਉਤਾਰ ਰਹੇ ਹਨ, ਮਹਿਜ਼ ਪੰਜ ਮਹੀਨਿਆਂ ਬਾਅਦ ਉਹੀ ਝੰਡਾ ਉਸੇ ਸ਼ਾਨ ਨਾਲ ਦੁਬਾਰਾ ਉਨ੍ਹਾਂ ਦੇ ਘਰ ਦੀ ਛੱਤ ’ਤੇ ਲਹਿਰਾਉਂਦਾ ਹੋਵੇਗਾ।

Posted By: Jagjit Singh