ਸਟਾਫ ਰਿਪੋਰਟਰ, ਜ਼ੀਰਾ/ਫਿਰੋਜ਼ਪੁਰ : ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਜ਼ੀਰਾ ਅਦਾਲਤ ਵਿਚ ਪੇਸ਼ ਹੋਏ। ਉਹ ਸਾਲ 2017 ਵਿਚ ਵਿਧਾਨ ਸਭਾ ਹਲਕਾ ਜ਼ੀਰਾ ਦੇ ਬੰਗਾਲੀ ਵਾਲਾ ਪੁਲ ਉੱਪਰ ਲਗਾਏ ਧਰਨੇ ਦੇ ਸਬੰਧੀ ਤਰੀਕ ਭੁਗਤਣ ਆਏ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੰਮ ਕਰਨ ਦੀ ਥਾਂ ਡਰਾਮੇ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵੇਂ ਮੁਹੱਲਾ ਕਲੀਨਿਕ ਬਣਾਉਣ ਦਾ ਆਖਿਆ ਜਾ ਰਿਹਾ ਹੈ, ਜਦੋਂ ਕਿ ਪੰਜਾਬ ਵਿਚ ਪਹਿਲਾਂ ਹੀ ਸਿਹਤ -ਸਹੂਲਤਾਂ ਲਈ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਮੌਜੂਦ ਹਨ। ਜ਼ਿਕਰਯੋਗ ਹੈ ਕਿ ਸਾਲ 2017 ਵਿਚ ਕਾਂਗਰਸ ਸਰਕਾਰ ਵੇਲੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਵਿਚ ਦੋ ਅਕਾਲੀ ਵਰਕਰਾਂ ਦੇ ਕਤਲ ਹੋ ਗਏ ਸਨ। ਉਸ ਮੌਕੇ ਕਾਤਲਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਅਕਾਲੀ ਸੁਪਰੀਮੋ ਨੇ ਹੋਰ ਅਕਾਲੀ ਆਗੂਆਂ ਸਮੇਤ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਸਾਹਮਣੇ ਧਰਨਾ ਦਿੱਤਾ ਸੀ। ਉਸ ਵੇਲੇ ਕਾਰਵਾਈ ਨਾ ਹੁੰਦੀ ਵੇਖ ਕੇ ਸੁਖਬੀਰ ਬਾਦਲ ਤੇ ਅਕਾਲੀ ਆਗੂਆਂ ਨੇ ਬਠਿੰਡਾ-ਅੰਮਿ੍ਤਸਰ ਨੈਸ਼ਨਲ ਹਾਈਵੇ ਨੰਬਰ-54 'ਤੇ ਮਾਝੇ ਨੂੰ ਮਾਲਵੇ ਨਾਲ ਜੋੜਨ ਵਾਲੇ ਬੰਗਾਲੀ ਵਾਲਾ ਪੁਲ 'ਤੇ ਜਾਮ ਲਗਾ ਦਿੱਤਾ ਸੀ। ਧਰਨੇ ਨੂੰ ਲੈ ਕੇ ਮਖੂ ਪੁਲਿਸ ਵੱਲੋਂ ਦਰਜ ਮਾਮਲੇ ਸਬੰਧੀ ਸੁਖਬੀਰ ਬਾਦਲ ਜ਼ੀਰਾ ਕੋਰਟ ਵਿਚ ਤਰੀਕ ਭੁਗਤਣ ਆਏ ਸਨ।