ਸਟਾਫ ਰਿਪੋਰਟਰ, ਫਿਰੋਜ਼ਪੁਰ : ਹਲਕਾ ਗੁਰੂਹਰਸਹਾਏ ਦੇ ਪਿੰਡ ਬਸਤੀ ਤਰਖ਼ਾਣਾ ਵਾਲੀ ਵਿਖੇ ਇਕ ਵਿਅਕਤੀ ਵੱਲੋਂ ਆਪਣੇ ਸਾਲੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਸਬੰਧੀ ਪੁਲਿਸ ਥਾਣਾ ਗੁਰੂਹਰਸਹਾਏ ਵੱਲੋਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਕੀਤਾ ਗਿਆ ਹੈ।

ਗੁਰੂਹਰਸਹਾਏ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਗੁਰਮੇਜ ਸਿੰਘ ਵਾਸੀ ਬਸਤੀ ਤਰਖ਼ਾਣਾਂ ਵਾਲੀ ਦਾਖਲੀ ਨਾਨਕਪੁਰਾ ਨੇ ਦੋਸ਼ ਲਗਾਇਆ ਕਿ ਉਸ ਦਾ ਭਰਾ ਰਾਜ ਕੁਮਾਰ (26) ਦਾ ਵਿਆਹ ਕਰੀਬ 5 ਸਾਲ ਪਹਿਲਾਂ ਮਨਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਰੇਲਵੇ ਬਸਤੀ ਗੁਰੂਹਰਸਹਾਏ ਨਾਲ ਹੋਇਆ ਸੀ।

ਵਿਆਹ ਤੋਂ ਕੁਝ ਸਮਾਂ ਬਾਅਦ ਹੀ ਰਾਜ ਕੁਮਾਰ ਦਾ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਨਾਲ ਝਗੜਾ ਹੋਣ ਲੱਗ ਪਿਆ, ਜਿਸ ਕਾਰਨ ਰਾਜ ਕੁਮਾਰ ਕਾਫ਼ੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਤੇ ਉਹ ਆਪਣੀ ਪਤਨੀ ਨਾਲ ਗੁਰੂਹਰਸਹਾਏ ਵਿਖੇ ਰਹਿਣ ਲੱਗਾ। ਗੁਰਮੇਜ ਸਿੰਘ ਨੇ ਦੋਸ਼ ਲਗਾਇਆ ਕਿ ਰਾਜ ਕੁਮਾਰ ਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ, ਜਿਸ ਕਾਰਨ ਰਾਜ ਕੁਮਾਰ ਕਾਫ਼ੀ ਜ਼ਿਆਦਾ ਪਰੇਸ਼ਾਨ ਸੀ ਤੇ ਉਸ ਨੇ ਆਪਣੇ ਸਾਲੇ ਹਰਮਨ ਸਿੰਘ ਤੇ ਉਸ ਦੇ ਸਾਥੀ ਅਸ਼ਵਨੀ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਕੇਸ ਦੀ ਜਾਂਚ ਪੜਤਾਲ ਕਰ ਰਹੇ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਹਰਮਨ ਸਿੰਘ ਵਾਸੀ ਰੇਲਵੇ ਬਸਤੀ ਗੁਰੂਹਰਸਹਾਏ ਤੇ ਅਸ਼ਵਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।