ਬਲਰਾਜ, ਫਾਜ਼ਿਲਕਾ : ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਪੰਜਾਬ ਸਟੂਡੈਂਟ ਯੂਨੀਅਨ ਫਾਜ਼ਿਲਕਾ ਵਲੋਂ ਹਾਥੀ ਪਾਰਕ ਵਿਚ ਮੀਟਿੰਗ ਕਰਕੇ ਅਧਿਆਪਕਾਂ 'ਤੇ ਪਟਿਆਲਾ ਅਤੇ ਮਾਨਸਾ ਵਿਚ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਨੇ ਅਧਿਆਪਕਾਂ ਵਲੋਂ ਅਗਲੇ ਉਲੀਕੇ ਐਕਸ਼ਨ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪੀਐੱਸਯੂ ਦੇ ਜ਼ਿਲ੍ਹਾ ਪ੍ਧਾਨ ਧੀਰਜ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਪਿੱਛਲੇ ਕਾਫ਼ੀ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਪਰ ਕਾਂਗਰਸ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਉਨ੍ਹਾਂ ਦੇ ਸ਼ਾਂਤੀਪੂਰਵਕ ਕੀਤੇ ਜਾ ਰਹੇ ਮੁਜ਼ਾਹਰੇ ਉਪਰ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਲਾਠੀਚਾਰਜ ਕੀਤਾ ਗਿਆ। ਇਹ ਸਰਕਾਰ ਦੀ ਇਕ ਿਘਨਾਓਣੀ ਹਰਕਤ ਬਣ ਕੇ ਸਾਹਮਣੇ ਆਇਆ ਹੈ। ਇਹ ਹੀ ਨਹੀਂ ਅਧਿਆਪਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਨ੍ਹਾਂ ਦੇ ਸੱਟਾਂ ਵੀ ਮਾਰੀਆਂ ਗਈਆਂ। ਇੱਥੋਂ ਤੱਕ ਕਿ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਤੱਕ ਪਾੜ ਦਿੱਤੀਆਂ ਗਈਆਂ। ਮੌਜ਼ੂਦਾ ਕਾਂਗਰਸ ਸਰਕਾਰ ਅਧਿਆਪਕਾਂ ਨੂੰ ਸੜਕਾਂ ਉਪਰ ਰੁੱਲਣ ਲਈ ਮਜ਼ਬੂਰ ਕਰ ਰਹੀ ਹੈ। ਅਧਿਆਪਕਾਂ ਦੀਆਂ ਮੰਗਾਂ ਨਾ ਮੰਨ ਕੇ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ। ਜਨਰਲ ਸਕੱਤਰ ਕਿਰਨਦੀਪ ਕੌਰ ਅਤੇ ਜ਼ਿਲ੍ਹਾ ਮੀਤ ਪ੍ਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਵਾਅਦਿਆਂ ਤੋਂ ਤਾਂ ਮੁੱਕਰ ਹੀ ਚੁੱਕੀ ਹੈ। ਸਗੋਂ ਇਸ ਤੋਂ ਅੱਗੇ ਵੱਧਦਿਆਂ ਲੋਕਾਂ ਦੇ ਹੱਕਾਂ 'ਤੇ ਵੀ ਡਾਕੇ ਮਾਰ ਰਹੀ ਹੈ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਦਾ ਰੂਪ ਹੋਰ ਤਿੱਖਾ ਕੀਤਾ ਜਾਵੇਗਾ।