ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਲੜਕੇ (ਅੰਡਰ-18) ਸ਼ੁਰੂ ਹੋ ਗਈਆਂ ਹਨ ਜੋ ਕਿ 22 ਅਕਤੂਬਰ 2019 ਤਕ ਚੱਲਣਗੀਆਂ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਉਦਘਾਟਨੀ ਸਮਾਗਮ ਦੌਰਾਨ ਕਰੀਬ 4 ਹਜ਼ਾਰ ਬੱਚਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਉਪਰੰਤ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਅਨੁਸ਼ਾਸਨ ਦੀ ਭਾਵਨਾ ਰੱਖਣ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਮਾਰਚ ਪਾਸਟ, ਮਸ਼ਾਲ ਦੀ ਰਸਮ ਅਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰਰੋਗਰਾਮ ਵੀ ਪੇਸ਼ ਕੀਤਾ ਗਿਆ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੂਰੇ ਯਤਨ ਕਰ ਰਹੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਵਰਗੀ ਕੋਹੜ ਦੀ ਬਿਮਾਰੀ ਤੋਂ ਦੂਰ ਰਹਿਣ। ਉਨ੍ਹਾਂ ਦੱਸਿਆ ਕਿ ਹੁਣ ਜਿਹੜਾ ਵੀ ਖਿਡਾਰੀ ਗੋਲਡ ਮੈਡਲ ਜਿੱਤੇਗਾ ਉਸ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਜਿਹੜਾ ਖਿਡਾਰੀ ਸਿਲਵਰ ਮੈਡਲ ਜਿੱਤੇਗਾ ਉਸ ਨੂੰ ਸਰਕਾਰ ਵੱਲੋਂ 75 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਬ੍ਰੋਂਜ ਮੈਡਲ (ਕਾਂਸੀ ਦਾ ਤਗਮਾ) ਜਿੱਤਣ ਵਾਲੇ ਖਿਡਾਰੀ ਨੂੰ 50 ਲੱਖ ਅਤੇ ਟ੍ਰੇਨਿੰਗ ਵੀ ਫ਼ਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਾ 3 ਫੀਸਦੀ ਹਿੱਸਾ ਸਪੋਰਟਸ ਕੋਟੇ ਲਈ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਬਣ ਰਹੀ ਹੈ ਜਿਸ ਵਿਚ ਖਿਡਾਰੀਆਂ ਲਈ ਕੋਚਿੰਗ ਆਦਿ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਪਿੱਛੇ ਵਾਲੀ ਥਾਂ ਤੇ 6 ਕਰੋੜ ਰੁਪਏ ਦੀ ਲਾਗਤ ਨਾਲ ਐਸਟੋਟਰਫ ਹਾਕੀ ਅੰਤਰਰਾਸ਼ਟਰੀ ਸਟੇਡੀਅਮ ਗਰਾਉਂਡ ਬਣ ਰਿਹਾ ਹੈ ਜਿਸ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਿਫ਼ਰੋਜ਼ਪੁਰ ਵਿਚ ਚੱਲ ਰਹੇ ਸਵੀਮਿੰਗ ਪੂਲ ਦਾ ਵੀ ਜਲਦੀ ਹੀ ਆਧੁਨਿਕੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਖਿਡਾਰੀ ਆਪਣੇ ਆਪ ਨੂੰ ਇਕ ਦੂਜੇ ਤੋਂ ਕਮਜ਼ੋਰ ਨਾ ਸਮਝੇ ਤੇ ਜਜ਼ਬੇ ਤੇ ਫੋਕਸ ਨਾਲ ਆਪਣਾ ਮੁਕਾਮ ਹਾਸਲ ਕਰੇ। ਇਸ ਮੌਕੇ ਐੱਸਡੀਐੱਮ ਗੁਰੂਹਰਸਹਾਏ ਕੁਲਦੀਪ ਬਾਵਾ, ਐੱਸਪੀਡੀ ਅਜੇ ਰਾਜ, ਦੇਸਵੀਰ ਸੋਢੀ, ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ, ਸਕੱਤਰ ਰੈੱਡ ਕਰਾਸ ਅਸੋਕ ਬਹਿਲ, ਡਿਪਟੀ ਡੀਈਓ ਸੈਕੰਡਰੀ ਕੋਮਲ ਅਰੋੜਾ, ਡਿਪਟੀ ਡੀਈਓ ਜਗਜੀਤ ਸਿੰਘ, ਅਨਿਰੁਧ ਗੁਪਤਾ, ਮੇਹਰਦੀਪ ਸਿੰਘ ਮੰਚ ਸੰਚਾਲਕ, ਰਵੀ ਚਾਵਲਾ, ਅਮਿ੍ਤਪਾਲ ਸਿੰਘ ਅਤੇ ਅੰਗਰੇਜ਼ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।