ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਰੇਲਵੇ ਦੇ ਟੀਟੀਈ ਅਹੁਦੇ ਤੋਂ ਆਏ ਭਾਰਤੀ ਕ੍ਰਿਕਟ ਦੇ ਲੇਜੈਂਡ ਮੋਹਿੰਦਰ ਸਿੰਘ ਧੋਨੀ ਤੋਂ ਬਾਅਦ ਹੁਣ ਰੇਲਵੇ ਨੇ ਹੀ ਭਾਰਤੀ ਮਹਿਲਾ ਕਿ੍ਕਟ ਨੂੰ ਵੀ ਇਕ ਸ਼ਾਨਦਾਰ ਖਿਡਾਰਨ ਦਿੱਤੀ ਹੈ। ਫਿਰੋਜ਼ਪੁਰ ਰੇਲ ਡਵੀਜ਼ਨ ਦੇ ਅੰਮਿ੍ਤਸਰ ਸਟੇਸ਼ਨ ’ਤੇ ਬਤੌਰ ਟੀਟੀਈ ਤੈਨਾਤ ਨੌਜਵਾਨ ਮਹਿਲਾ ਖਿਡਾਰਨ ਸਨੇਹ ਰਾਣਾ ਵੱਲੋਂ ਇੰਗਲੈਂਡ ਦੀ ਧਰਤੀ ’ਤੇ ਕੀਤੇ ਚੰਗੇ ਪ੍ਰਦਰਸ਼ਨ ਕਾਰਨ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਦੇ ਖਿਲਾਫ ਇਕਲੌਤਾ ਟੈਸਟ ਮੈਚ ਡਰਾਅ ਕਰਵਾਉਣ ਵਿਚ ਕਾਮਯਾਬ ਰਹੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਰਐਮ ਫਿਰੋਜ਼ਪੁਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਸਨੇਹ ਰਾਣਾ ਉਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਿਚ ਟੀਟੀਈ ਹੈ ਅਤੇ ਅੰਮਿ੍ਤਸਰ ਰੇਲਵੇ ਸਟੇਸ਼ਨ ’ਤੇ ਨਿਯੁਕਤ ਹੈ। ਵਰਤਮਾਨ ਵਿਚ ਉਹ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹੈ ਜੋ ਇਸ ਸਮੇਂ ਇੰਗਲੈਂਡ ਦੌਰੇ ’ਤੇ ਹੈ। ਉਨ੍ਹਾਂ ਦੱਸਿਆ ਕਿ ਬਿ੍ਸਟਲ ਦੇ ਕਾਊਂਟੀ ਗਰਾਊਂਡ ਵਿਚ ਖੇਡੇ ਗਏ ਇਕ ਮਾਤਰ ਟੈਸਟ ਮੈਚ ਵਿਚ ਭਾਰਤ ਵੱਲੋਂ ਸਨੇਹ ਰਾਣਾ ਨੇ ਡੈਬਿਊ ਕੀਤਾ। 16 ਜੂਨ ਨੂੰ ਸ਼ੁਰੂ ਹੋਏ ਇਸ ਮੈਚ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ਵਿਚ ਇੰਗਲੈਂਡ ਨੇ ਬੱਲੇਬਾਜ਼ੀ ਕਰਦੇ ਹੋਏ 396 ਦੌੜਾ ਬਣਾ ਕੇ ਪਾਰੀ ਘੋਸ਼ਿਤ ਕੀਤੀ। ਸਨੇਹ ਰਾਣਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 131 ਦੌੜਾਂ ਦੇ ਕੇ 4 ਵਿਕਟਆ ਲਈਆਂ। ਇੰਗਲੈਂਡ ਦੇ 396 ਦੌੜਾਂ ਦੇ ਜਵਾਬ ਵਿਚ ਭਾਰਤੀ ਟੀਮ ਪਹਿਲੀ ਪਾਰੀ ਵਿਚ 221 ਦੌੜਾਂ ’ਤੇ ਸਿਮਟ ਗਈ। ਮੇਜ਼ਬਾਨ ਟੀਮ ਨੇ ਭਾਰਤ ਨੂੰ ਫੋਲੋਆਨ ਦਿੱਤਾ।

ਭਾਰਤ ਨੇ ਅੰਤਿਮ ਦਿਨ ਦਾ ਖੇਡ ਸਮਾਪਤ ਹੋਣ ਤਕ 8 ਵਿਕਟ ’ਤੇ 344 ਦੌੜਾ ਬਣਾ ਕੇ ਮੈਚ ਨੂੰ ਡਰਾਅ ਕਰਾਇਆ। ਦੂਜੀ ਪਾਰੀ ਵਿਚ ਸਨੇਹ ਰਾਣਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਨਾਬਾਦ 80 ਦੌੜਾਂ ਬਣਾਈਆਂ ਅਤੇ ਮੈਚ ਨੂੰ ਡਰਾਅ ਕਰਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਮੰਡਲ ਰੇਲ ਪ੍ਰਬੰਧਕ ਨੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਸਨੇਹ ਰਾਣਾ ਨੂੰ ਵਧਾਈ ਦਿੱਤੀ ਹੈ।

Posted By: Jagjit Singh