ਬਲਰਾਜ, ਫਾਜ਼ਿਲਕਾ : ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ ਫਾਜ਼ਿਲਕਾ ਵਿਚ ਅੱਜ ਦੂਜੇ ਦਿਨ ਵੀ ਮੰਗਾਂ ਨੂੰ ਲੈ ਕੇ ਨਾਅਰੇਬਾਜੀ ਹੁੰਦੀ ਰਹੀ। ਜਿੱਥੇ ਯੂਨੀਅਨਾਂ ਨੇ ਹੜਤਾਲ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮਾਂ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਗਿਆ ਅਤੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਵੀ ਕੀਤੇ ਗਏ। ਇੱਥੋਂ ਦੇ ਡਾਕ ਵਿਭਾਗ ਦੇ ਦਫ਼ਤਰ ਮੂਹਰੇ ਰੋਸ ਧਰਨੇ 'ਤੇ ਬੈਠੇ ਡਾਕ ਵਿਭਾਗ ਦੇ ਕਰਮਚਾਰੀਆਂ ਵਲੋਂ ਡਾਕ ਨਾ ਵੰਡੇ ਜਾਣ ਕਾਰਨ ਅੱਜ ਦੋ ਦਿਨਾਂ ਦੀ ਕਰੀਬ 1500 ਡਾਕ ਰੁਕ ਗਈ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਜ਼ਰੂਰੀ ਡਾਕ ਦਾ ਇੰਤਜਾਰ ਕਰ ਰਹੇ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਿਲ ਪੇਸ਼ ਆਉਣ ਲੱਗੀ ਹੈ। ਉਧਰ ਬੀਐਸਐਨਐਲ ਕਰਮਚਾਰੀ ਯੂਨੀਅਨ ਵਲੋਂ ਵੀ ਹੜਤਾਲ ਕਰਕੇ ਦਫ਼ਤਰ ਦੇ ਮੇਨ ਗੇਟ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਦੀ ਅਗਵਾਈ ਮਲਕੀਤ ਸਿੰਘ ਅਤੇ ਬ੍ਰਾਂਚ ਸਕੱਤਰ ਪ੍ਰੇਮ ਚੰਦ ਨੇ ਕੀਤੀ। ਇਸ ਮੌਕੇ ਸ਼ਖਾ ਸਕੱਤਰ ਅਸ਼ੋਕ ਕੁਮਾਰ ਡੋਗਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਘੱਟੋ ਘੱਟ ਤਨਖ਼ਾਹ, ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਅਤੇ ਬਰਾਬਰ ਤਨਖ਼ਾਹ ਅਤੇ ਬਰਾਬਰ ਕੰਮ ਦਾ ਸਿਧਾਂਤ ਲਾਗੂ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਇਸ ਤੋਂ ਇਲਾਵਾ ਪੋਸਟ ਆਫ਼ਸ ਦੇ ਪੋਸਟਮੈਨ ਅਤੇ ਸਟਾਫ਼ ਵਲੋਂ ਵੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਮੁਕੰਮਲ ਰੂਪ ਵਿਚ ਹੜਤਾਲ ਕੀਤੀ ਗਈ। ਇਸ ਮੌਕੇ ਜੰਗੀਰ ਸਿੰਘ ਨੇ ਕਿਹਾ ਕਿ ਨੌ ਜਨਵਰੀ ਨੂੰ ਵੀ ਹੜਤਾਲ ਰੱਖ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਧਰਨੇ ਵਿਚ ਜਗਦੇਵ ਸਿੰਘ, ਮੰਗਤ ਸਿੰਘ, ਗੁਰਦੀ ਸਿੰਘ, ਅਮਨਦੀਪ ਸਿੰਘ, ਭੋਲਾ ਸਿੰਘ ਅਤੇ ਹੋਰ ਵੀ ਹਾਜ਼ਰ ਸਨ।