ਪਰਮਿੰਦਰ ਸਿੰਘ ਥਿੰਦ ,ਫਿਰੋਜ਼ਪੁਰ ; ਬੀਤੇ ਦਿਨੀਂ ਫਿਰੋਜ਼ਪੁਰ ਦੇ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਨੂੰ ਇੱਕ ਦਿਨ ਦਾ ਡੀਸੀ ਬਣਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਸਰਕਾਰੀ ਕੰਨਿਆ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਨੂੰ ਇੱਕ ਦਿਨ ਦੀ ਪ੍ਰਿੰਸੀਪਲ ਬਣਾਇਆ ਗਿਆ। ਇਸ ਮੌਕੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡਿਪਟੀ ਡੀਓ ਕੋਮਲ ਅਰੋੜਾ ਅਤੇ ਗੁਰਦੁਆਰਾ ਨਾਨਕਸਰ ਦੇ ਬਾਬਾ ਲੱਖਾ ਸਿੰਘ ਜੀ ਉਚੇਚੇ ਤੌਰ ਤੇ ਹਾਜ਼ਰ ਸਨ। ਇਸ ਤੋਂ ਪਹਿਲਾਂ ਮਿਥੇ ਪ੍ਰੋਗਰਾਮ ਅਨੁਸਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਬਾਬਾ ਲੱਖਾ ਸਿੰਘ ਸਵੇਰੇ 10 ਵਜੇ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਹੁੰਚੇ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼ੀ ਨੂੰ ਇਕ ਦਿਨ ਲਈ ਸਕੂਲ ਪ੍ਰਿੰਸੀਪਲ ਦੀ ਕੁਰਸੀ 'ਤੇ ਬਿਠਾਇਆ ਗਿਆ। ਇਸ ਮੌਕੇ ਖ਼ੁਸ਼ੀ ਦੀ ਮਾਤਾ ਵੀ ਹਾਜ਼ਰ ਸੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਖਿਆ ਕਿ 'ਬੇਟੀ ਬਚਾਓ ਬੇਟੀ ਪੜ੍ਹਾਓ' ਤਹਿਤ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚੀਆਂ ਨੂੰ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾਣ ਅਤੇ ਉਨ੍ਹਾਂ ਦਾ ਹੌਸਲਾ ਅਫਜ਼ਾਈ ਕਰਨ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦੇਣਾ ਚਾਹੀਦਾ । ਇਸ ਮੌਕੇ ਪਿੰਕੀ ਨੇ ਆਖਿਆ ਕਿ ਹੁਣ ਤਾਂ 'ਬੇਟੀ ਬਚਾ, ਬੇਟੀ ਪੜ੍ਹਾ ਦੇ ਨਾਲ' ਬੇਟੀਆਂ ਨੂੰ ਮੌਕੇ ਮੁਹੱਈਆ ਕਰਵਾਉ ਅਤੇ ਬੇਟੀਆਂ ਨੂੰ ਅੱਗੇ ਵਧਾ' ਵੀ ਜੋੜ ਲੈਣਾ ਚਾਹੀਦਾ ਹੈ।

ਕਾਂਗਰਸੀ ਵਿਧਾਇਕ ਨੇ ਦੱਸਿਆ ਕਿ ਖ਼ੁਸ਼ੀ ਬਹੁਤ ਜ਼ਿਆਦਾ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਉਸ ਦੇ ਪਿਤਾ ਦੀ ਲੰਮਾਂ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਕੱਦ ਕਾਠ ਦੇ ਮਾਮਲੇ ਵਿੱਚ ਖ਼ੁਸ਼ੀ ਦਾ ਆਮ ਬੱਚਿਆਂ ਦੀ ਤਰ੍ਹਾਂ ਵਿਕਾਸ ਨਾ ਹੋਣ ਕਾਰਨ ਖ਼ੁਸ਼ੀ ਦਾ ਕੱਦ ਦੂਜੇ ਬੱਚਿਆਂ ਦੇ ਮੁਕਾਬਲੇ ਕਾਫੀ ਛੋਟਾ ਰਹਿ ਗਿਆ ਸੀ। ਇਸ ਸਬੰਧੀ ਜਦੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਕੂਲ ਦੇ ਇਕ ਸਮਾਗਮ ਦੌਰਾਨ ਖ਼ੁਸ਼ੀ ਨੂੰ ਵੇਖਿਆ ਤਾਂ ਉਨ੍ਹਾਂ ਦੇ ਦਿਮਾਗ 'ਚ ਆਇਆ ਕਿ ਖ਼ੁਸ਼ੀ ਵਰਗੇ ਬੱਚਿਆਂ ਨੂੰ ਵੀ ਬਰਾਬਰ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਅਜਿਹੇ ਵਿਚ ਉਨ੍ਹਾਂ ਅਧਿਕਾਰੀਆਂ ਨਾਲ ਗੱਲ ਕਰਕੇ ਖ਼ੁਸ਼ੀ ਨੂੰ ਇਕ ਦਿਨ ਦਾ ਪ੍ਰਿੰਸੀਪਲ ਬਣਾਇਆ।

ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਫਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਅਨਮੋਲ ਬੇਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਦਿਨ ਦਾ ਡੀਸੀ ਬਣਾਇਆ ਗਿਆ ਸੀ। ਲੋਕੋ ਮੋਟੋ ਨਾਂ ਦੀ ਬੀਮਾਰੀ ਕਾਰਨ ਅਨਮੋਲ ਬੇਰੀ ਦਾ ਕੱਦ ਸਿਰਫ ਦੋ ਫੁੱਟ ਅੱਠ ਇੰਚ ਹੀ ਸੀ, ਇਸੇ ਕਾਰਨ ਉਸ ਦਾ ਵਿਕਾਸ ਦੂਜੇ ਬੱਚਿਆਂ ਦੇ ਮੁਕਾਬਲੇ ਕਾਫੀ ਘੱਟ ਸੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਨਾਰੀ ਜਾਤੀ ਨੂੰ ਦਿੱਤੀ ਵਿਸ਼ੇਸ਼ ਮਹੱਤਤਾ; ਬਾਬਾ ਲੱਖਾ ਸਿੰਘ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰੂਦੁਆਰਾ ਨਾਨਕਸਰ ਦੇ ਬਾਬਾ ਲੱਖਾ ਸਿੰਘ ਨੇ ਆਖਿਆ ਕਿ ਅਜਿਹੇ ਮੋਕੇ ਜਦੋਂ ਅਸੀ ਸਾਹਿਬ ਸ਼੍ਰ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਮਨਾ ਰਹੇ ਹਾਂ ਤਾਂ ਉਨ੍ਹਾਂ ਦੀ ਸੋਚ ਉਨ੍ਹਾਂ ਦੀ ਸਿੱਖਿਆ ਨੂੰ ਲਾਗੂ ਕਰਕੇ ਅਸੀ ਸਹੀ ਮਾਇਨੇ ਵਿਚ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਕਿਵੇਂ ਉਸ ਸਮੇਂ ਔਰਤ ਨੂੰ ਅੱਗੇ ਨਹੀਂ ਵੱਧਣ ਦਿੱਤਾ ਜਾਂਦਾ ਸੀ।

ਔਰਤ ਦਾ ਜੋ ਤਿਰਸਕਾਰ ਕੀਤਾ ਜਾਂਦਾ ਸੀ, ਗੁਰੂ ਨਾਨਕ ਦੇਵ ਜੀ ਹਮੇਸ਼ਾ ਉਸ ਸੌੜੀ ਸੋਚ ਦੇ ਖ਼ਿਲਾਫ਼ ਰਹੇ ਸਨ। ਉਨ੍ਹਾਂ ਔਰਤ ਜਾਤ ਨੂੰ ਦੁਨੀਆਂ ਵਿਚ ਸੱਭ ਤੋਂ ਉਤਮ ਦਰਜਾ ਦਿੱਤਾ ਸੀ। ਅਜਿਹੇ ਵਿਚ ਅੱਜ ਫਿਰੋਜ਼ਪੁਰ ਦੀਆਂ ਬੱਚੀਆਂ ਨੂੰ ਪਹਿਲੋਂ ਡੀ ਸੀ ਅਤੇ ਹੁਣ ਇਕ ਦਿਨ ਦੀ ਪ੍ਰਿੰਸੀਪਲ ਬਨਾਉਣ ਸਹੀ ਮਾਇਨੇ ਵਿਚ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਅੱਗੇ ਲੈ ਕੇ ਜਾਣਾ ਹੈ।

ਪ੍ਰਿੰਸੀਪਲ ਬਣਨ ਤੋਂ ਬਾਅਦ ਖ਼ੁਸ਼ੀ ਨੇ ਸਕੂਲ ਦਾ ਦੌਰਾ ਕੀਤਾ। ਉਸ ਨੇ ਸਕੂਲ 'ਚ ਬਣਾਏ ਗਏ ਨਵੇਂ ਵਾਟਰ ਹਾਰਵੈਸਟਿੰਗ ਸਿਸਟਮ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਸਾਰੇ ਮਹਿਮਾਨਾਂ ਨੂੰ ਨਵੇਂ ਸਿਸਟਮ ਬਾਰੇ ਦੱਸਿਆ। ਖ਼ੁਸ਼ੀ ਨੇ ਸਕੂਲ 'ਚ ਆਰਓ ਸਿਸਟਮ ਅਤੇ ਮਿੱਡ ਡੇਅ ਸ਼ੈੱਡ 'ਤੇ ਛੱਤ ਲਗਵਾਉਣ ਦੀ ਇੱਛਾ ਪ੍ਰਗਟਾਈ, ਜਿਸ ਨੂੰ ਵਿਧਾਇਕ ਪਿੰਕੀ ਨੇ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ।

Posted By: Jagjit Singh