ਜਗਸੀਰ ਛੱਤਿਆਣਾ, ਗਿੱਦੜਬਾਹਾ :

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿਛਲੇ ਦਿਨੀਂ ਡੇਰਾ ਭਾਈ ਮਸਤਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਸਟੇਟ ਪੱਧਰੀ ਬੌਕਸਿੰਗ ਮੁਕਾਬਲਿਆਂ 'ਚ ਜੀਕੇ ਯੋਗਾ ਸੈਂਅਰ ਅਤੇ ਸਪੋਰਟਸ ਅਕੈਡਮੀ ਗਿੱਦੜਬਾਹਾ ਦੀ ਖਿਡਾਰਨ ਸਿਮਰਨਦੀਪ ਕੌਰ ਨੇ ਅੰਡਰ-10 ਤੇ ਅੰਡਰ-50 ਭਾਰ ਵਰਗ 'ਚ ਖੇਡ ਕੇ ਪੰਜਾਬ ਭਰ ਵਿੱਚੋ ਤੀਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਹਾਸਲ ਕੀਤਾ। ਅੱਜ ਖਿਡਾਰਨ ਸਿਮਰਨਦੀਪ ਕੌਰ ਦੇ ਅਕੈਡਮੀ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਾਦੇ ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਕੈਡਮੀ ਇੰਚਾਰਜ ਗੁਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਖਿਡਾਰੀਆਂ ਨੂੰ ਲਗਨ ਨਾਲ ਮਿਹਨਤ ਕਰਕੇ ਭਵਿੱਖ 'ਚ ਨਾਮਣਾ ਖੱਟਣ ਲਈ ਪ੍ਰਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਮੇਂ ਦੇ ਹਾਣੀ ਬਣ ਕੇ ਚਲਣ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰਨੀਆਂ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਬੌਕਸਿੰਗ ਕੋਚ ਸ਼ਮਸ਼ਾਦ ਅਲੀ, ਖਿਡਾਰਨ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੇਟੀਆਂ ਦਾ ਖੇਡਾਂ 'ਚ ਮੱਲਾਂ ਮਾਰਨਾ ਚੰਗੇ ਭਵਿੱਖ ਦੀ ਨਿਸ਼ਾਨੀ ਹੈ।