ਜਗਵੰਤ ਸਿੰਘ ਮੱਲ੍ਹੀ, ਮਖੂ : 'ਐਂਗਲੋ-ਸਿੱਖ ਯੁੱਧ' ਦੇ ਮਹਾਨਾਇਕ ਸਿੱਖ ਸਰਦਾਰਾਂ ਅਤੇ ਸ਼ਹੀਦ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਜੋੜ ਮੇਲੇ ਮੌਕੇ ਅੰਤਰਰਾਸ਼ਟਰੀ ਪੱਧਰ ਦੀਆਂ ਅੱਠ ਟੀਮਾਂ ਦਰਮਿਆਨ ਹੋਏ ਕਬੱਡੀ ਮੁਕਾਬਲਿਆਂ 'ਚੋਂ ਬਾਬਾ ਸੁਖਚੈਨਆਣਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਨੇ ਜਿੱਤ ਦਾ '24ਵਾਂ ਸ਼ਹੀਦ ਸਰਦਾਰ ਸ਼ਾਮ ਸਿੰਘ ਕਬੱਡੀ ਕੱਪ' ਚੁੰਮਿਆ। ਪੰਜਾਬ ਕਬੱਡੀ ਫੈਡਰੇਸ਼ਨ ਦੀ ਸਰਪ੍ਸਤੀ ਹੇਠ ਕੌਮਾਂਤਰੀ ਪੱਧਰ ਦੀਆਂ ਅੱਠ ਟੀਮਾਂ 'ਚ ਦੇਰ ਰਾਤ ਤੱਕ ਫਸਵੇਂ ਮੁਕਾਬਲੇ ਹੋਏ। ਜੇਤੂ ਟੀਮ ਨੂੰ ਡੇਢ ਲੱਖ ਰੁਪਈਆ ਤੇ ਕਬੱਡੀ ਕੱਪ, ਦੂਜੇ ਨੰਬਰ 'ਤੇ ਰਹੀ ਟੀਮ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਗੁਰਦੁਆਰਾ ਸਾਹਿਬ ਸ਼ਹੀਦ ਸਰਦਾਰ ਸ਼ਾਮ ਅਟਾਰੀ ਦੇ ਮੁੱਖ ਸੇਵਾਦਾਰ ਮਹਾਂਪੁਰਸ਼ ਸੰਤ ਬਾਬਾ ਸ਼ਿੰਦਰ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਨੌਜਵਾਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਕੁਆਰਟਰ ਫਾਈਨਲ 'ਚ ਪਹਿਲਾ ਭੇੜ ਬਾਬਾ ਸੁਖਚੈਨਆਣਾ ਕਬੱਡੀ ਕਲੱਬ ਫਗਵਾੜਾ ਅਤੇ ਸ਼ਹੀਦ ਭਗਤ ਸਿੰਘ ਐਬਟਸਫੋਰਡ ਕਬੱਡੀ ਕਲੱਬ ਦਰਮਿਆਨ ਹੋਇਆ, ਜਿਸ ਵਿਚ ਡੇਢ ਅੰਕ ਦੇ ਫਰਕ ਨਾਲ ਫਗਵਾੜਾ ਟੀਮ ਨੇ ਬਾਜ਼ੀ ਮਾਰੀ। ਦੂਜੇ ਮੁਕਾਬਲੇ 'ਚ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਅਤੇ ਐੱਨਆਰਆਈ ਕਬੱਡੀ ਕਲੱਬ ਨਕੋਦਰ ਵਿਚਕਾਰ ਹੋਏ ਮੈਚ 'ਚ ਜਿੱਤ ਦਾ ਅੰਤਰ ਸਾਢੇ ਤਿੰਨ ਅੰਕ ਦਾ ਰਿਹਾ। ਤੀਜੇ ਮੈਚ 'ਚ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਅਤੇ ਸਵਾਮੀ ਸ਼ੰਕਰਾਪੁਰੀ ਕਬੱਡੀ ਕਲੱਬ ਦਰਮਿਆਨ ਹੋਏ ਫਸਵੇਂ ਮੁਕਾਬਲੇ ਦੌਰਾਨ ਜਿੱਤ ਦਾ ਅੰਤਰ ਸਾਢੇ ਚਾਰ ਅੰਕ ਸੀ। ਚੌਥੇ ਮੈਚ ਮੌਕੇ ਬਾਬਾ ਫੂਲ ਕਬੱਡੀ ਕਲੱਬ ਰੌਣੀ ਅਤੇ ਅੰਬੀ ਹਠੂਰ ਕਬੱਡੀ ਕਲੱਬ ਦਰਮਿਆਨ ਹੋਏ ਭੇੜ 'ਚ ਸਾਢੇ ਚਾਰ ਅੰਕਾਂ ਦੇ ਵਾਧੇ ਨਾਲ ਰੌਣੀ ਦੀ ਟੀਮ ਅੱਵਲ ਰਹੀ। ਫਾਈਨਲ ਲਈ ਇੱਕ ਪਾਸੇ ਐੱਨਆਰਆਈ ਕਲੱਬ ਤੇ ਬਾਬਾ ਭਗਵਾਨ ਸਿੰਘ ਕਲੱਬ ਦੀ ਟੀਮ ਅਤੇ ਦੂਜੇ ਪਾਸੇ ਐੱਨਆਰਆਈ ਕਬੱਡੀ ਕਲੱਬ ਨਕੋਦਰ ਤੇ ਬਾਬਾ ਸੁਖਚੈਨਆਣਾ ਕਲੱਬ ਦਰਮਿਆਨ ਹੋਏ ਗਹਿਗੱਚ ਮੁਕਾਬਲਿਆਂ ਮੌਕੇ ਜਾਫੀਆਂ ਤੇ ਰੇਡਰਾਂ ਲਈ ਵਿਦੇਸ਼ਾਂ 'ਚੋਂ ਵੀ ਫੋਨਾਂ 'ਤੇ ਇਨਾਮ ਐਲਾਨੇ ਗਏ। ਫਾਈਨਲ 'ਚ ਦੇਰ ਰਾਤ ਨੂੰ ਬਾਬਾ ਸੁਖਚੈਨਆਣਾ ਕਲੱਬ ਅਤੇ ਐੱਨਆਰਆਈ ਕਲੱਬ ਦਾ ਰੌਚਕ ਭੇੜ ਸਾਰਾ ਮੇਲਾ ਲੁੱਟ ਕੇ ਲੈ ਗਿਆ। ਅੰਤਿਮ ਮੁਕਾਬਲੇ ਮੌਕੇ ਅੱਠ ਅੰਕਾਂ ਦੇ ਵਾਧੇ ਨਾਲ ਫਗਵਾੜਾ ਕਲੱਬ ਦੀ ਝੰਡੀ ਰਹੀ, ਜਿਸਨੇ ਡੇਢ ਲੱਖ ਰੁਪਈਆ ਨਕਦ ਤੇ ਜੇਤੂ ਕੱਪ ਕਬਜ਼ੇ 'ਚ ਕਰ ਕੇ ਦਰਸ਼ਕਾਂ ਨੂੰ ਪੁਰਾਣੇ ਸਮਿਆਂ ਦੀ ਕਬੱਡੀ ਯਾਦ ਕਰਵਾ ਦਿੱਤੀ। ਸ਼ਹੀਦ ਸਰਦਾਰ ਸ਼ਾਮ ਸਿੰਘ ਯੁਵਕ ਸੇਵਾਵਾਂ ਕਲੱਬ ਫਹਿਗੜ੍ਹ ਸਭਰਾ ਦੇ ਸਰਪ੍ਸਤ ਹਰਜਿੰਦਰ ਸਿੰਘ ਹਾਂਗਕਾਂਗ, ਪ੍ਧਾਨ ਗੁਰਸੇਵਕ ਸਿੰਘ ਰਾਣਾ, ਜਨਰਲ ਸਕੱਤਰ ਗੁਰਨੈਬ ਸਿੰਘ, ਖ਼ਜ਼ਾਨਚੀ ਮੇਹਰ ਸਿੰਘ ਬਾਹਰਵਾਲੀ ਆਦਿ ਦੀ ਸੁਚੱਜੀ ਦੇਖਰੇਖ 'ਚ ਆਲੇ ਦੁਆਲੇ ਦੀਆਂ ਇਮਾਰਤਾਂ ਸਮੇਤ ਹਰ ਜਗ੍ਹਾ ਸਾਰਾ ਸਮਾਂ ਦਰਸ਼ਕਾਂ ਨੇ ਕਬੱਡੀ ਕੱਪ ਦਾ ਭਰਪੂਰ ਆਨੰਦ ਮਾਣਿਆ। ਪ੍ਬੰਧਕਾਂ ਵੱਲੋਂ ਖੇਡ ਮੇਲਿਆਂ ਦੀ ਸ਼ਾਨ, ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਬੂਟਾ ਉਮਰੀਆਣਾ ਨੂੰ ਬੁਲੇਟ ਮੋਟਰਸਾਈਕਲ ਅਤੇ ਬੈਸਟ ਜਾਫੀ ਰਹੇ ਜੱਗੇ ਤੇ ਬੈਸਟ ਰੇਡਰ ਐਲਾਨੇ ਬਾਗੀ ਪਰਮਪੁਰੀਏ ਨੂੰ ਹੀਰੋ ਮੋਟਰਸਾਈਕਲਾਂ ਨਾਲ ਸਨਮਾਨਿਆ ਗਿਆ। ਪੰਜਾਹ ਕਿੱਲੋ ਸਰੀਰ ਦੇ ਭਾਰ ਵਾਲੇ ਅੰਗਰੇਜ਼ ਪੱਟੀ ਨੇ ਦੰਦਾਂ ਨਾਲ ਸੱਤਰ ਕਿੱਲੋਂ ਦੀ ਬੋਰੀ ਚੁੱਕ ਕੇ ਵੀ ਦਰਸ਼ਕਾਂ ਦੀ ਅੱਸ਼ ਅੱਸ਼ ਕਰਵਾ ਦਿੱਤੀ। ਇਸੇ ਤਰ੍ਹਾਂ ਲੱਤਾਂ ਤੋਂ ਅਪਾਹਜ ਨੌਜਵਾਨ ਨੇ ਬਾਹਾਂ ਨਾਲ ਖੇਡ ਮੈਦਾਨ ਦਾ ਚੱਕਰ ਲਗਾਇਆ। ਛੋਟੇ ਬੱਚਿਆਂ ਦਾ ਸ਼ੋਮ ਮੈਚ ਅਤੇ ਟਰੈਕਟਰਾਂ ਦੇ ਸਟੰਟ ਵੀ ਕਬੱਡੀ ਕੱਪ ਦੀਆਂ ਨਾ-ਭੁੱਲਣਯੋਗ ਯਾਦਾਂ 'ਚ ਸ਼ਾਮਲ ਹੋ ਗਏ।