ਤੀਰਥ ਸਨੇਰ, ਜ਼ੀਰਾ : ਜ਼ੀਰਾ ਦੇ ਮੱਲਾਂਵਾਲਾ ਰੋਡ 'ਤੇ ਪਿੰਡ ਗਦੜੀਵਾਲਾ ਚੁਰੱਸਤਾ ਪਿੰਡ ਬੋਤੀਆਂ ਦੇ ਨਜ਼ਦੀਕ ਇੱਕ 55- 60 ਸਾਲ ਦੀ ਔਰਤ ਦੀ ਲਾਸ਼ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ। ਮੌਕੇ 'ਤੇ ਪਹੁੰਚੀ ਜ਼ੀਰਾ ਪੁਲਿਸ ਮੁਤਾਬਕ ਔਰਤ ਦੀ ਪਛਾਣ ਅੰਗਰੇਜ਼ ਕੌਰ ਪਤਨੀ ਬਲਵਿੰਦਰ ਸਿੰਘ ਪਿੰਡ ਠੱਠਾ ਦਲੇਲ ਸਿੰਘ ਵਾਲਾ ਵਜੋਂ ਹੋਈ ਹੈ। ਇਸ ਸਬੰਧੀ ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਅੰਗਰੇਜ਼ ਕੌਰ ਦੇ ਪੁੱਤਰ ਬੱਬੂ ਨੇ ਦੱਸਿਆ ਕਿ ਉਸ ਦੀ ਮਾਂ ਅੰਗਰੇਜ਼ ਕੌਰ ਕੁਝ ਦਿਨ ਪਹਿਲਾਂ ਆਪਣੀ ਲੜਕੀ ਨੂੰ ਮਿਲਣ ਵਾਸਤੇ ਘਰੋਂ ਗਈ ਸੀ ਪਰ ਘਰ ਨਹੀਂ ਪਹੁੰਚੀ । ਉਨ੍ਹਾਂ ਵੱਲੋਂ ਉਸ ਦੀ ਬਹੁਤ ਤਲਾਸ਼ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ । ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਮਾਂ ਦੀ ਲਾਸ਼ ਜ਼ੀਰਾ ਮੱਲਾਂਵਾਲਾ ਰੋਡ 'ਤੇ ਪਿੰਡ ਗਾਦੜੀਵਾਲਾ ਚੁਰੱਸਤਾ ਦੇ ਨਜ਼ਦੀਕ ਸੜਕ 'ਤੇ ਪਈ ਹੈ। ਮੌਕੇ 'ਤੇ ਪਹੁੰਚੇ ਬੱਬੂ ਵੱਲੋਂ ਆਪਣੀ ਮਾਂ ਦੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ ਪੀ ਡੀ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ 'ਤੇ ਚਲਦਿਆਂ ਬਣਦੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਪੁਲਸ ਵੱਲੋਂ ਜਲਦ ਸੁਲਝਾ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।

Posted By: Tejinder Thind