ਮਹਿੰਗਾਈ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਹਰ ਰੋਜ਼ ਵੱਧਦੀ ਮਹਿੰਗਾਈ ਨੂੰ ਦੇਖਦਿਆ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ: ਕੇਐੱਮਐੱਮ
Publish Date: Tue, 09 Jun 2026 04:31 PM (IST)
Updated Date: Tue, 09 Jun 2026 04:32 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਪਿੰਡ ਮੁੱਠਿਆਂ ਵਾਲੇ ਮੇਨ ਚੌਂਕ ’ਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ ਗਿਆ। ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਮੀਤ ਪ੍ਰਧਾਨ ਚਮਕੌਰ ਸਿੰਘ ਉਸਮਾਨ ਵਾਲਾ ਤੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਤੇ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਖੇਤੀ ਸੈਕਟਰ ਵਿੱਚ ਯੂਰੀਆ, ਡੀਏਪੀ ਤੋਂ ਇਲਾਵਾ ਹੋਰ ਵੱਖ-ਵੱਖ ਕਿਸਮਾਂ ਦੀਆਂ ਵਸਤਾਂ ਦੀ ਭਾਰੀ ਘਾਟ ਹੈ। ਯੂਰੀਆ ਤੇ ਡੀਏਪੀ ਨਾਲ ਵਪਾਰੀਆਂ ਵੱਲੋਂ ਬੇਲੋੜੀਆਂ ਵਸਤਾਂ ਜਬਰੀ ਦਿੱਤੀਆਂ ਜਾ ਰਹੀਆਂ ਹਨ ਤੇ ਬਲੈਕ ਵਿੱਚ ਵੱਧ ਕੀਮਤਾਂ ਤੇ ਖਾਦਾਂ ਵੇਚ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਲੈਂਡ ਪੂਲਿੰਗ ਤੇ ਭਾਰਤ ਮਾਲਾ ਪਰਜੈਕਟ ਤਹਿਤ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਜ਼ਮੀਨਾਂ ਹਥਿਆਈਆਂ ਜਾ ਰਹੀਆਂ ਹਨ ।ਭਾਰਤ ਅਮਰੀਕਾ ਟਰੇਡ ਡੀਲ ਤਹਿਤ ਕੇਂਦਰ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੀ ਖ਼ਰੀਦ ਤੇ ਐੱਮਐੱਸਪੀ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਪੁਲਿਸ ਜਬਰ ਤੇ ਡੰਡੇ ਦੇ ਜ਼ੋਰ ਨਾਲ ਗ੍ਰਿਫ਼ਤਾਰ ਕਰ ਕੇ ਪੁਲਿਸ ਵੱਲੋਂ ਜਬਰੀ ਜਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਪਟਿਆਲਾ ਵਿਚ ਬਿਜਲੀ ਕਾਮਿਆਂ ਤੇ ਅੰਨ੍ਹੇਵਾਹ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੁਲਿਸ ਜਬਰ ਬੰਦ ਕੀਤਾ ਜਾਵੇ ।ਭਾਰਤ ਅਮਰੀਕਾ ਟਰੇਡ ਡੀਲ ਨੂੰ ਰੱਦ ਕੀਤਾ ਜਾਵੇ । ਡੀਜ਼ਲ ਪਟਰੌਲ ਤੇ ਘਰੇਲੂ ਗੈਸ ਦੀਆਂ ਵਧਾਈਆਂ ਕੀਮਤਾਂ ਨੂੰ ਵਾਪਸ ਲਿਆ ਜਾਵੇ। ਵੱਖ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਕਰੇ ਅਤੇ ਵਾਅਦੇ ਮੁਤਾਬਿਕ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਪੂਰਾ ਕਰੇ । ਅੱਜ ਦੇ ਪੁਤਲਾ ਫੂਕ ਮੁਜ਼ਾਹਰੇ ਵਿਚ ਬਲਵਿੰਦਰ ਸਿੰਘ ਇਕਾਈ ਪ੍ਰਧਾਨ ਮੁੱਠਿਆਂਵਾਲਾ, ਕਾਬਲ ਸਿੰਘ ਸਾਬਕਾ ਸਰਪੰਚ ਅਕਾਈ ਪ੍ਰਧਾਨ ਹਸਤੀ ਵਾਲਾ, ਨਿਸ਼ਾਨ ਸਿੰਘ, ਗੁਰਮੀਤ ਸਿੰਘ, ਰਤਨ ਸਿੰਘ, ਬਲਜਿੰਦਰ ਸਿੰਘ ਲਾਡੀ, ਲਵਪ੍ਰੀਤ ਸਿੰਘ, ਨਿਰਵੈਲ ਸਿੰਘ, ਗੁਰਲਾਲ ਸਿੰਘ ਨਛੱਤਰ ਸਿੰਘ, ਗੁਰਵਿੰਦਰ ਸਿੰਘ, ਚੰਦ ਸਿੰਘ, ਗੁਰਦੇਵ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।