ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਨੈਸ਼ਨਲ ਕਮਿਸ਼ਨਰ ਫ਼ਾਰ ਵੂਮੈਨ ਦੀ ਮੈਂਬਰ ਡਾ. ਰਾਜੂਲਬੇਨ ਐੱਲ. ਦੇਸਾਈ ਨੇ ਬੁੱਧਵਾਰ ਨੂੰ ਫਿਰੋਜ਼ਪੁਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਿਫ਼ਰੋਜ਼ਪੁਰ ਦੇ ਮੀਟਿੰਗ ਹਾਲ 'ਚ ਇਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਅੌਰਤਾਂ, ਲੜਕੀਆਂ ਦੀ ਭਲਾਈ ਲਈ ਚਲਾਈਆਂ ਵੱਖ-ਵੱਖ ਸਕੀਮਾਂ ਤਹਿਤ ਸਬੰਧਤ ਵਿਭਾਗਾਂ ਵੱਲੋਂ ਹੁਣ ਤਕ ਕੀਤੀ ਕਾਰਗੁਜ਼ਾਰੀ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਐੱਸਡੀਐੱਮ ਅਮਿਤ ਗੁਪਤਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਵੀ ਹਾਜ਼ਰ ਸਨ। ਡਾ. ਰਾਜੂਲਬੇਨ ਐੱਲ ਦੇਸਾਈ ਨੇ ਹਾਜ਼ਰ ਅਫ਼ਸਰਾਂ ਤੋਂ ਉਨ੍ਹਾਂ ਦੀਆਂ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿਚ 'ਸਖੀ ਵਨ ਸਟਾਪ ਸੈਂਟਰ' ਸਿਵਲ ਹਸਪਤਾਲ ਿਫ਼ਰੋਜ਼ਪੁਰ ਦੀ ਗਾਈਨਿ ਵਾਰਡ ਦੇ ਉੱਪਰ ਚੱਲ ਰਿਹਾ ਹੈ। ਡਾ. ਰਾਜੂਲਬੇਨ ਦੇਸਾਈ ਨੇ ਸਮੂਹ ਵਿਭਾਗੀ ਅਫ਼ਸਰਾਂ ਨੂੰ ਸਖੀ ਵਨ ਸਟਾਪ ਸੈਂਟਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੀਆਂ ਲੜਕੀਆਂ, ਅੌਰਤਾਂ ਨਾਲ ਘਰ, ਬਾਹਰ ਜਾਂ ਕੰਮ ਵਾਲੀ ਥਾਂ 'ਤੇ ਕੋਈ ਅੱਤਿਆਚਾਰ ਹੁੰਦਾ ਹੈ, ਉਨ੍ਹਾਂ ਨੂੰ ਇਕ ਹੀ ਛੱਤ ਥੱਲੇ ਸਾਰੀਆਂ ਸੁਵਿਧਾਵਾਂ ਜਿਵੇਂ ਕਿ ਮੈਡੀਕਲ, ਪੁਲਿਸ ਸੁਰੱਖਿਆ, ਕਾਨੂੰਨੀ ਸਹਾਇਤਾ ਆਦਿ ਦਿੱਤੀਆਂ ਜਾਂਦੀਆਂ ਹਨ। ਇਸ ਸਖੀ ਵਨ ਸਟਾਪ ਸੈਂਟਰ ਵਿਚ ਇਨ੍ਹਾਂ ਅੌਰਤਾਂ ਨੂੰ 5 ਦਿਨ ਤਕ ਰਹਿਣ, ਖਾਣ ਪੀਣ ਦਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ, ਕਾਲਜਾਂ ਵਿਚ ਜਾ ਕੇ ਇਸ ਸਖੀ ਵਨ ਸੈਂਟਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵਿਦਿਆਰਥਣਾਂ ਨੂੰ ਦਿੱਤੀ ਜਾਵੇ। ਉਨ੍ਹਾਂ ਪੁਲਿਸ ਵਿਭਾਗ ਨੂੰ ਇਸ ਸੈਂਟਰ ਦੀ ਸਕਿਓਰਿਟੀ ਲਈ ਇਕ ਅਧਿਕਾਰੀ ਤਾਇਨਾਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬੱਸ ਸਟੈਂਡਾਂ ਜਾਂ ਹਾਲ ਆਦਿ ਥਾਵਾਂ 'ਤੇ ਲੋਕੇਸ਼ਨ ਵਾਈਜ਼ ਹੋਰਡਿੰਗਜ਼ ਲਾ ਕੇ ਸਖੀ ਸੈਂਟਰ ਦੀ ਸਾਰੀ ਜਾਣਕਾਰੀ ਦਿੱਤੀ ਜਾਵੇ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਨੇ ਡਾ. ਰਾਜੂਲਬੇਨ ਐੱਲ. ਦੇਸਾਈ ਨੂੰ ਮਾਈ ਭਾਗੋ ਵਿੱਦਿਆ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਇਸ ਸਕੀਮ ਤਹਿਤ ਸਰਕਾਰੀ ਸਕੂਲ ਦੀਆਂ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਲੜਕੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਰਤਨਦੀਪ ਸੰਧੂ ਅਤੇ ਸਿਵਲ ਸਰਜਨ ਡਾ. ਹਰੀ ਨਰਾਇਣ ਨੇ ਬੇਟੀ ਬਚਾਓ ਬੇਟੀ ਪੜ੍ਹਾਓ, ਪੋਸ਼ਣ ਅਭਿਆਨ, ਜਨਨੀ ਸ਼ਿਸ਼ੂ ਸੁਰੱਖਿਆ, ਜੇਐੱਸਵਾਈ ਅਤੇ ਬੇਬੇ ਨਾਨਕੀ ਲਾਡਲੀ ਸਕੀਮ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੜਕਿਆਂ ਵਾਂਗ ਹੀ ਲੜਕੀਆਂ ਲਈ ਜ਼ਿਲ੍ਹੇ ਵਿਚ ਛਟੀ ਪੂਜਾ, ਲੋਹੜੀ ਤੇ ਰਾਖੀ ਦੇ ਤਿਉਹਾਰ ਮਨਾਏ ਜਾਂਦੇ ਹਨ ਤੇ ਥਾਂ ਥਾਂ ਪੇਂਟਿੰਗਾਂ ਰਾਹੀਂ ਬੇਟੀ ਬਚਾਓ ਬੇਟੀ ਪੜ੍ਹਾਓ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਡਾ. ਰਾਜੂਲਬੇਨ ਐੱਲ. ਦੇਸਾਈ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਮੇਰੀ ਪਛਾਣ ਧੀਆਂ ਦੀ ਦੀਵਾਰ ਪੇਂਟਿੰਗ ਜਿਸ 'ਤੇ ਜ਼ਿਲ੍ਹੇ ਦੀਆਂ ਹੋਣਹਾਰ ਲੜਕੀਆਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰੀਆਂ ਹਨ ਦੀਆਂ ਤਸਵੀਰਾਂ ਉਲੀਕੀਆਂ ਹੋਈਆਂ ਹਨ ਨੂੰ ਵੇਖਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਖ਼ੂਬ ਪ੍ਰਸੰਸਾ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਹਰੀ ਨਰਾਇਣ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਰਸ਼ਨ ਸਿੰਘ, ਡੀਐੱਸਪੀ ਗੁਰਚਰਨ ਸਿੰਘ, ਸੀਡੀਪੀਓ ਗੁਰੂਹਰਸਹਾਏ ਰਿਚਿਕਾ ਨੰਦਾ, ਬਲਜਿੰਦਰ ਕੌਰ, ਤਜਿੰਦਰ ਸਿੰਘ ਅਤੇ ਰੀਤੂ ਪਲਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।