ਬੂਟਾ ਸਿੰਘ ਚੌਹਾਨ, ਸੰਗਰੂਰ : ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਇਕ ਬਿਆਨ ਰਾਹੀਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀ ਸ਼ਮੂਲੀਅਤ ਨੂੰ ਮੁੱਖ ਰੱਖਦੇ ਹੋਏ 26 ਤੇ 27 ਨਵੰਬਰ ਨੂੰ ਪੰਜਾਬ ਦੀਆਂ ਦਾਣਾ ਮੰਡੀਆਂ ਬੰਦ ਰੱਖੀਆਂ ਜਾਣਗੀਆਂ।

ਚੀਮਾ ਨੇ ਕਿਹਾ ਕਿ ਕਿਸਾਨ ਲੰਮੇਂ ਸਮੇਂ ਤੋਂ ਦੇਸ਼ ਦੀਆਂ ਖੇਤੀ ਮੰਡੀਆਂ ਨੂੰ ਬਚਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਡਟੇ ਹੋਏ ਹਨ। ਤੇ ਹੁਣ ਮੋਦੀ ਸਰਕਾਰ ਨੂੰ ਜਗਾਉਣ ਲਈ ਜੋ ਦਿੱਲੀ ਕੂਚ ਦਾ ਫ਼ੈਸਲਾ ਕੀਤਾ ਹੈ, ਉਸ 'ਚ ਆੜ੍ਹਤੀ ਭਾਈਚਾਰਾ ਤਨ, ਮਨ ਤੇ ਧਨ ਨਾਲ ਮਦਦ ਕਰੇਗਾ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨਿੱਜੀ ਸਵਾਰਥਾਂ ਲਈ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਨਾ ਕਰੇ। ਉਨ੍ਹਾਂ ਕਿਹਾ ਕਿ ਜੇ ਅੱਜ ਬਾਦਲ ਦੀ ਸਰਕਾਰ ਹੁੰਦੀ ਤਾਂ ਨੰਗਲ ਤੇ ਬਠਿੰਡਾ ਖਾਦ ਪਲਾਂਟਾਂ ਵਿਚ ਪਈ ਸਾਰੀ ਖਾਦ ਡੀਸੀਜ਼ ਟਰੱਕਾਂ ਰਾਹੀਂ ਪੰਜਾਬ 'ਚ ਵੰਡ ਦਿੱਤੀ ਹੁੰਦੀ, ਪਰ ਕੈਪਟਨ ਸਰਕਾਰ ਆਪਣੀ ਕੁਰਸੀ ਬਚਾਉਣ ਲਈ ਕੇਂਦਰ ਸਰਕਾਰ ਦੀ ਹਰ ਗੱਲ ਮੰਨਦਿਆਂ ਪਹਿਲਾਂ ਆੜ੍ਹਤੀਆਂ ਤੇ ਕਿਸਾਨਾਂ ਦੀ ਅਦਾਇਗੀ ਸਬੰਧੀ ਕੇਂਦਰ ਦੇ ਕਨੂੰਨ ਲਾਗੂ ਕੀਤੇ ਤੇ ਹੁਣ ਰੇਲ ਗੱਡੀਆਂ ਚਲਾਉਣ ਲਈ ਵੀ ਕਿਸਾਨਾਂ ਨੂੰ ਮਜਬੂਰ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਜੇਕਰ ਸੰਘਰਸ਼ ਲੰਮਾ ਹੋਇਆ ਤਾਂ ਕਿਸਾਨਾਂ ਨੂੰ ਲੋੜ ਅਨੁਸਾਰ ਹਰ ਜ਼ਰੂਰੀ ਵਸਤ ਭੇਜੀ ਜਾਵੇਗੀ।