ਸਟਾਫ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਅਧੀਨ ਆਉਂਦੇ ਕਿਲੇ ਵਾਲਾ ਚੌਕ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਕਾਰ ਦੇ ਸ਼ੀਸ਼ੇ ਤੋੜ ਕੇ ਵਿਅਕਤੀ ਦੇ ਗਲ 'ਚ ਪਾਈ ਸੋਨੇ ਦੀ ਚੈਨ ਖੋਹਣ ਤੇ ਉਸ ਦੀ ਕੁੱਟਮਾਰ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ 3 ਬਾਏ ਨੇਮ ਵਿਅਕਤੀਆਂ ਸਮੇਤ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੀਪਕ ਪੁੱਤਰ ਸੂਰਤ ਸਿੰਘ ਵਾਸੀ ਹੀਰਾ ਨਗਰ ਨਵੀਂ ਦਾਣ ਮੰਡੀ ਰੱਖੜੀ ਰੋਡ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਬੀਤੀ 22 ਜੁਲਾਈ 2021 ਦੀ ਸ਼ਾਮ ਨੂੰ ਆਪਣੇ ਦੋਸਤ ਦੀ ਵਰਨਾ ਗੱਡੀ ਮੰਗ ਕੇ ਆਪਣੇ ਤਾਏ ਸੁਬੇਗ ਸਿੰਘ ਤੇ ਆਪਣੀ ਪਤਨੀ ਪੂਜਾ ਨਾਲ ਆਪਣੀ ਰਿਸ਼ਤੇਦਾਰੀ ਵਿਚ ਪਿੰਡ ਸ਼ਰੀਂਹ ਵਾਲਾ ਥਾਣਾ ਲੱਖੋਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਗਿਆ ਸੀ, ਜਦ ਉਹ ਸ਼ਾਮ 5 ਵਜੇ ਕਰੀਬ ਵਾਪਸ ਆ ਰਹੇ ਸੀ ਤਾਂ ਉਸ ਦੇ ਨਾਲ ਮਹਿੰਦਰ ਸਿੰਘ ਵਾਸੀ ਬਸਤੀ ਸੁੰਨਵਾਂ ਸਿਟੀ ਫਿਰੋਜ਼ਪੁਰ ਵੀ ਆ ਰਿਹਾ ਸੀ। ਦੀਪਕ ਨੇ ਦੱਸਿਆ ਕਿ ਜਦੋਂ ਉਹ ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਬਸਤੀ ਮੱਖਣ ਸਿੰਘ ਵਾਲੀ ਸਾਹਮਣੇ ਪਹੁੰਚੇ ਤਾਂ ਮੁਲਜ਼ਮ ਜੋ ਮੋਟਰਸਾਈਕਲਾਂ ਸਵਾਰ ਸਨ, ਜਿਨ੍ਹਾਂ ਨੇ ਉਸ ਦੀ ਗੱਡੀ ਨੂੰ ਰੋਕ ਲਿਆ ਤੇ ਇਕ ਲੜਕੇ ਦੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਸੀ ਤੇ ਗੱਡੀ ਵਿਚ ਬੈਠੇ ਉਸ ਦੇ ਤਾਏ ਸੁਬੇਗ ਸਿੰਘ ਨੂੰ ਬਾਹਰ ਖਿੱਚ ਲਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਗਲ ਵਿਚ ਪਾਈ ਸੋਨੇ ਦੀ ਚੈਨ ਖੋਹ ਲਈ ਤੇ ਬੇਸਬਾਲ ਮਾਰ ਕੇ ਗੱਡੀ ਦਾ ਸ਼ੀਸ਼ਾ ਤੋੜ ਕੀਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਦੀਪਕ ਨੇ ਦੱਸਿਆ ਕਿ ਉਸ ਦੇ ਜਾਣਕਾਰ ਮਹਿੰਦਰ ਸਿੰਘ ਨੇ ਮੁਲਜ਼ਮਾਂ ਨੂੰ ਪਛਾਣ ਲਿਆ ਜਿਨ੍ਹਾਂ ਦੀ ਪਛਾਣ ਗੋਪਾ, ਝਰਨੀ, ਪ੍ਰਦੀਪ ਵਾਸੀਅਨ ਪਿੰਡ ਖਲਚੀਆਂ ਜਦੀਦ ਅਤੇ 3 ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।