ਜਗਵੰਤ ਸਿੰਘ ਮੱਲ੍ਹੀ, ਮਖੂ : ਬਠਿੰਡੇ ਤੋਂ ਅੰਮਿ੍ਤਸਰ ਸਾਹਿਬ ਜਾਣ ਵਾਲੇ ਲੋਕਾਂ ਕੋਲੋਂ ਤਿੰਨ ਜਗ੍ਹਾ 'ਤੇ ਟੋਲ ਟੈਕਸ ਥੋਪ ਕੇ ਜਜੀਆ ਲੈਣ ਵਾਲੀ ਨੈਸ਼ਨਲ ਹਾਈਵੇਅ ਅਥਾਰਟੀ ਦੀ ਅਣਗਹਿਲੀ ਕਾਰਨ ਮਖੂ ਦੇ ਜੀਰਾ ਰੋਡ 'ਤੇ ਖਸਤਾਹਾਲ ਤੰਗ ਪੁਲ 'ਤੋਂ ਨਿੰਬੂਆਂ ਦਾ ਲੱਦਿਆ ਟਰੱਕ ਗੰਦੇ ਸੇਮਨਾਲੇ ਦੇ ਚਿੱਕੜ 'ਚ ਡਿੱਗ ਪਿਆ। ਗਨੀਮਤ ਇਹ ਰਹੀ ਕਿ ਚਾਲਕ ਸਵੀ ਸਿੰਘ ਅਤੇ ਸਹਾਇਕ ਰਾਹੁਲ ਚਿੱਕੜ 'ਚੋਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਬਾਹਰ ਨਿਕਲੇ। ਚਾਲਕ ਸਵੀ ਸਿੰਘ ਨੇ ਦੱਸਿਆ ਕਿ ਉਹ ਜੋਧਪੁਰ ਤੋਂ ਅੰਮਿ੍ਤਸਰ ਸਾਹਿਬ ਲਈ ਨਿੰਬੂ ਲੋਡ ਕਰਕੇ ਜਾ ਰਹੇ ਸਨ। ਸਵੇਰੇ ਸੱਤ ਵਜੇ ਦੇ ਕਰੀਬ ਪੁਲ ਨੇੜੇ ਪਏ ਟੋਏ 'ਚ ਵੱਜਣ ਕਰਕੇ ਟਰੱਕ ਬੇਕਾਬੂ ਹੋ ਕੇ ਸੇਮਨਾਲੇ 'ਚ ਡਿੱਗ ਪਿਆ। ਜਿਸ ਕਰਕੇ ਲੱਖਾਂ ਰੁਪਏ ਦਾ ਮਾਲ ਚਿੱਕੜ 'ਚ ਬਰਬਾਦ ਹੋਣ ਤੋਂ ਇਲਾਵਾ ਟਰੱਕ ਵੀ ਨੁਕਸਾਨਿਆ ਗਿਆ ਹੈ। ਚਿੱਕੜ ਲਿੱਬੜੇ ਸਰੀਰ ਤੇ ਕੱਪੜਿਆਂ ਦੀ ਸਫਾਈ ਤੋਂ ਬਾਅਦ ਚਾਲਕ ਸਵੀ ਨੇ ਆਖਿਆ ਕਿ ਰੱਬ ਦੀ ਰਹਿਮਤ ਨਾਲ ਜਾਨ ਬਚ ਗਈ। ਮਾਲ ਤੇ ਟਰੱਕ ਦੇ ਹੋਏ ਨੁਕਸਾਨ ਬਦਲੇ ਉਨ੍ਹਾਂ ਟੋਲ ਕੰਪਨੀਆਂ 'ਤੇ ਕੇਸ ਤੱਕ ਕਰਨ ਦੀ ਗੱਲ ਵੀ ਆਖੀ। ਇਥੇ ਇਹ ਵੀ ਦੱਸਣਯੋਗ ਹੈ ਕਿ ਸਕਾਨਕ ਮੀਡੀਆ ਨੇ ਬੀਤੇ ਦੋ ਸਾਲਾਂ ਦੌਰਾਨ ਦਰਜਨਾਂ ਵਾਰ ਪੰਜਾਬ ਸਰਕਾਰ, ਨੈਸ਼ਨਲ ਹਾਈਵੇ ਅਥਾਰਟੀ ਅਤੇ ਨਿਤਿਨ ਗਡਕਰੀ ਤਕ ਤਸਵੀਰਾਂ ਸਮੇਤ ਭੇਜੀ ਗਈ ਜਾਣਕਾਰੀ ਨੂੰ ਲਗਾਤਾਰ ਪ੍ਰਕਾਸ਼ਿਤ ਕੀਤਾ ਹੈ ਪਰ ਕਿਸੇ ਦੇ ਕੰਨਾਂ 'ਤੇ ਵੀ ਜੂੰਅ ਤਕ ਨਹੀਂ ਸਰਕ ਰਹੀ। ਜੇਕਰ ਯਾਤਰੀ ਬੱਸ ਜਾਂ ਸਕੂਲੀ ਵਾਹਨ ਨਾਲ ਅਜਿਹਾ ਹਾਦਸਾ ਵਾਪਰਿਆ ਹੁੰਦਾ ਤਾਂ ਦਰਜਨਾਂ ਜਾਨਾਂ ਜਾ ਸਕਦੀਆਂ ਸਨ। ਜਦਕਿ ਆਸ ਪਾਸ ਦੇ ਸ਼ਹਿਰੀਆਂ ਨੇ ਵੀ ਗਿਲਾ ਕੀਤਾ ਕਿ ਉਹ ਨਿੱਤ ਹਜ਼ਾਰਾਂ ਵਾਹਨਾਂ ਦੀ ਚੌਵੀ ਘੰਟੇ ਚਲਦੀ ਬੇਰੋਕ ਆਵਾਜਾਈ ਦੌਰਾਨ ਟੁੱਟੇ ਪੁਲ ਤੋਂ ਖੁਦ ਆਪਣੀ ਤੇ ਬੱਚਿਆਂ ਦੀ ਜਾਨ ਖਤਰੇ 'ਚ ਪਾ ਕੇ ਲੰਘਦੇ ਹਨ।