ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਹਲਕੇ ਦੀਆਂ ਪੰਚਾਇਤਾਂ ਅਧੀਨ ਚੱਲ ਰਹੇ ਵਿਕਾਸ ਕੰਮਾਂ ਦਾ ਰਿਵਿਊ ਕਰਨ ਲਈ ਬਲਾਕ ਸੰਮਤੀ ਮੈਂਬਰਾਂ ਦੀ ਪਹਿਲੀ ਮੀਟਿੰਗ ਵਿਧਾਇਕ ਿਫ਼ਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਮੂਹ ਬਲਾਕ ਸੰਮਤੀ ਦੇ ਮੈਂਬਰ, ਬਲਾਕ ਦੇ ਅਧਿਕਾਰੀ ਅਤੇ ਪੰਚਾਇਤਾਂ ਦੇ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪਿੰਡਾਂ ਦੇ ਵਿਕਾਸ ਲਈ ਫ਼ੰਡਾਂ ਦੀ ਹੋਰ ਲੋੜ ਅਤੇ ਪਹਿਲਾਂ ਕੀਤੀ ਵਰਤੋਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪਿੰਡਾਂ ਵਿਚ ਸੜਕਾਂ, ਗਲੀਆਂ, ਲਾਈਟਾਂ ਆਦਿ ਬਾਰੇ ਵੀ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਬਲਾਕ ਦੇ ਅਧਿਕਾਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਦੌਰਾਨ ਵਿਧਾਇਕ ਪਿੰਕੀ ਨੇ ਕਿਹਾ ਕਿ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਵਿਚ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਵੱਲੋਂ 25 ਲੱਖ ਰੁਪਏ ਰਾਜੀਵ ਗਾਂਧੀ ਸੇਵਾ ਕੇਂਦਰ ਅਤੇ ਮਨਰੇਗਾ ਦੇ ਸਟਾਫ਼ ਲਈ ਵੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਲਦ ਹੀ 45-45 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਭੰਡਾਲਾ, ਉਸਮਾਨ ਵਾਲਾ ਅਤੇ ਗੱਟੀਆਂ ਵਿਚ 3 ਕਮਿਊਨਿਟੀ ਹਾਲ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਿੱਥੇ ਮੈਰਿਜ ਪੈਲੇਸਾਂ ਵਿਚ ਵਿਆਹ ਸ਼ਾਦੀਆਂ ਲਈ ਲੱਖਾਂ ਰੁਪਏ ਲੱਗਦੇ ਹਨ, ਜਦਕਿ ਇਨ੍ਹਾਂ ਕਮਿਊਨਿਟੀ ਹਾਲ ਵਿਚ ਸਿਰਫ਼ 2000 ਰੁਪਏ ਦੀ ਪਰਚੀ ਕੱਟ ਕੇ ਵਿਆਹ ਕੀਤੇ ਜਾਣਗੇ, ਜੋ ਕਿ ਪਿੰਡ ਵਾਸੀਆਂ ਲਈ ਇੱਕ ਵੱਡੀ ਸਹੂਲਤ ਹੋਵੇਗੀ। ਇਸ ਮੌਕੇ ਚੇਅਰਮੈਨ ਜਸਵਿੰਦਰ ਕੌਰ, ਵਾਈਸ ਚੇਅਰਮੈਨ ਬਲਵੀਰ ਬਾਠ, ਬੀਡੀਓ ਸੁਰਜੀਤ ਸਿੰਘ, ਬਲੀ ਸਿੰਘ, ਰਣਜੀਤ ਸਿੰਘ, ਬਲਜੀਤ ਕੌਰ, ਨਾਗਪਾਲ, ਸੇਵਕ ਸਿੰਘ, ਸੁਖਵਿੰਦਰ ਸਿੰਘ ਅਟਾਰੀ, ਅਜੇ ਜੋਸ਼ੀ ਅਤੇ ਧਰਮਜੀਤ ਹਾਂਡਾ ਹਾਜ਼ਰ ਸਨ।