ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ; ਕੋਰੋਨਾ ਕਾਰਨ ਬੀਤੇ ਲੰਮੇਂ ਸਮੇਂ ਤੋਂ ਬੰਦ ਪਈ 108 ਸਾਲ ਪੁਰਾਣੀ ਮੁੰਬਈ-ਫਿਰੋਜ਼ਪੁਰ ਪੰਜਾਬ ਮੇਲ ਆਖਰ 255 ਦਿਨਾਂ ਦੇ ਵੱਕਫੇ ਤੋਂ ਬਾਅਦ ਇਕ ਦਸੰਬਰ ਨੂੰ ਮੁੰਬਈ ਤੋਂ ਚੱਲ ਕੇ 3 ਦਸੰਬਰ ਨੂੰ ਫਿਰੋਜ਼ਪੁਰ ਪਹੁੰਚੇਗੀ।

ਪੰਜਾਬ ਮੇਲ ਦੇ ਦੁਬਾਰਾ ਪੱਟੜੀਆਂ 'ਤੇ ਚੜ੍ਹਨ ਦੀ ਇਕ ਖਾਸੀਅਤ ਇਹ ਵੀ ਰਹੇਗੀ ਕਿ ਇਸ ਵਾਰ ਇਹ ਟਰੇਨ ਐਲਐਚਐਸ ਕੋਚਾਂ ਦੇ ਨਾਲ ਨਵੇਂ ਰੰਗ ਰੂਪ ਵਿਚ ਨਜ਼ਰ ਆਵੇਗੀ। ਰੇਲਵੇ ਅਧਿਕਾਰੀਆਂ ਮੁਤਾਬਿਕ ਇਸ ਟਰੇਨ ਲਈ ਬੁਕਿੰਗ ਵੀ ਸ਼ੁਰੂ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਅਨੁਸਾਰ ਫਿਰੋਜ਼ਪੁਰ ਮੁੰਬਈ ਵਾਇਆ ਦਿੱਲੀ ਦੇ ਟਰੈਕ ਰੂਟ 'ਤੇ ਕਈ ਫੌਜੀ ਛਾਉਣੀਆਂ ਹੋਣ ਕਾਰਨ ਇਹ ਟਰੇਨ ਫੌਜੀਆਂ ਲਈ ਵੀ ਕਾਫੀ ਮਹੱਤਵਪੂਰਨ ਹੋ ਜਾਂਦੀ ਹੈ। ਫਿਰੋਜ਼ਪੁਰ ,ਫਰੀਦਕੋਟ, ਬਠਿੰਡਾ ਅਤੇ ਆਸਪਾਸ ਦੇ ਲੋਕਾਂ ਲਈ ਇਹ ਟਰੇਨ ਕਾਫੀ ਪਸੰਦੀਦਾ ਹੈ, ਕਿਉਂਕਿ ਇੰਨ੍ਹਾਂ ਸਟੇਸ਼ਨਾਂ ਤੋਂ ਰਾਤ 10 ਤੋਂ 12 ਵਜੇ ਦੇ ਕਰੀਬ ਚੱਲ ਕੇ ਸਵੇਰੇ ਸਾਢੇ ਪੰਜ ਵਜੇ ਨਵੀਂ ਦਿੱਲੀ ਸਟੇਸ਼ਨ ਪਹੁੰਚ ਜਾਂਦੀ ਹੈ ਅਤੇ ਅਗਲੇ ਦਿਨ ਫਿਰ ਰਾਤ ਵੇਲੇ ਹੀ ਦਿੱਲੀ ਤੋਂ ਨਵੀਂ ਟਰੇਨ ਦੀ ਵਾਪਸੀ ਕਾਰਨ ਇਹ ਵਪਾਰੀਆਂ ਵਿਚ ਵੀ ਕਾਫੀ ਪਸੰਦੀਦਾ ਹੈ। ਰੇਲ ਡਵੀਜਨ ਫਿਰੋਜ਼ਪੁਰ ਦੇ ਸੀਨੀਅਰ ਡੀਐਮ ਨੇ ਸੁਧੀਰ ਕੁਮਾਰ ਨੇ ਦੱਸਿਆ ਕਿ ਪੰਜਾਬ ਮੇਲ ਨੂੰ ਚਲਾਉਣ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਟਰੇਨ ਮੁੰਬਈ ਦੀ ਹੈ, ਇਸ ਲਈ ਫੈਸਲਾ ਮੁੰਬਈ ਰੇਲਵੇ ਵੱਲੋਂ ਕੀਤਾ ਜਾਣਾ ਸੀ, ਜਿੰਨ੍ਹਾਂ ਵੱਲੋਂ ਕਿ ਹੁਣ ਇਸ ਸਬੰਧੀ ਰਿਜ਼ਰਵੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਟਰੇਨ ਵਿਚ ਸਿਰਫ ਰਾਖਵਾਂਕਰਨ ਵਾਲੇ ਯਾਤਰੀ ਹੀ ਯਾਤਰਾ ਕਰ ਸੱਕਣਗੇ। ਉਧਰ ਇਸ ਸਬੰਧੀ ਫਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।


1 ਜੂਨ 1912 ਤੋਂ ਪਹਿਲੀ ਵਾਰੀ ਚੱਲੀ ਸੀ ਇਹ 108 ਸਾਲ ਪੁਰਾਣੀ ਟਰੇਨ

ਇਥੇ ਇਹ ਖਾਸ ਦੱਸਣਯੋਗ ਹੈ ਕਿ ਪਹਿਲੀ ਜੂਨ 1912 ਨੂੰ ਪਿਸ਼ਾਵਰ ਤੋਂ ਬਲਾਰਡ ਪਿਅਰ ਵਾਇਆ ਫਿਰੋਜ਼ਪੁਰ ਦਿੱਲੀ ਚੱਲਣ ਵਾਲੀ ਇਹ ਟਰੇਨ ਹੁਣ 108 ਸਾਲ ਦੀ ਹੋ ਗਈ ਹੈ। ਅਜਾਦੀ ਤੋਂ ਬਾਅਦ ਵੀ ਇਹ ਟਰੇਨ ਫਿਰੋਜ਼ਪੁਰ ਤੋਂ ਮੁੰਬਈ ਲਗਾਤਾਰ ਚੱਲ ਰਹੀ ਹੈ। ਅਜਿਹੇ ਵਿਚ ਇਹ ਮੰਡਲ ਦੀ ਇਕਲੌਤੀ ਟਰੇਨ ਹੈ ਜੋ ਇੰਨ੍ਹੇ ਸਾਲ ਪੁਰਾਣੀ ਹੈ। ਯਾਤਰੀਆਂ ਦੀ ਸਹੂਲਤ ਅਨੁਸਾਰ ਸਮੇਂ ਸਮੇਂ 'ਤੇ ਇਸ ਵਿਚ ਕਈ ਤਬਦੀਲੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਹੁਣ ਵੀ ਇਹ ਦੁਬਾਰਾ ਨਵੇਂ ਰੰਗ ਰੂਪ ਵਿਚ ਐਲਐਚਐਸ ਕੋਚਾਂ ਨਾਲ ਚਲਾਈ ਜਾਵੇਗੀ।

ਦੋ ਸਾਲ ਬਾਅਦ ਹੀ ਇਸ ਦਾ ਸਟੇਸ਼ਨ ਬਦਲ ਕੇ ਬਾਂਬੇ ਵੀ ਟੀ ਤੋਂ ਪਿਸ਼ਾਵਰ ਕਰ ਦਿੱਤਾ ਗਿਆ ਸੀ

--ਬ੍ਰਿਟਿਸ਼ ਅਧਿਕਾਰੀਆਂ ਅਤੇ ਅੱਪਰ ਕਲਾਸ ਮੁਲਾਜ਼ਮਾਂ ਲਈ ਵਿਸ਼ੇਸ਼ ਤੌਰ 'ਤੇ ਚਲਾਈ ਗਈ ਸੀ ਇਸ ਰੇਲ ਦਾ ਮੁੱਢਲਾ ਸਟੇਸ਼ਨ ਦੋ ਸਾਲ ਬਾਅਦ 1914 ਵਿਚ ਹੀ ਬਾਂਬੇ ਵੀ ਟੀ (ਵਿਕਟੋਰੀਆ ਟਰਮੀਨਲਸ ) ਕਰ ਦਿੱਤਾ ਗਿਆ ਸੀ। ਇਸ ਸਟੇਸ਼ਨ ਨੂੰ ਹੁਣ ਮੁੰਬਈ ਦਾ ਛੱਤਰਪਤੀ ਸ਼ਿਵਾਜੀ ਸਟੇਸ਼ਨ ਵੀ ਆਖਿਆ ਜਾਂਦਾ ਹੈ। ਇਹ ਟਰੇਨ ਬ੍ਰਿਟਿਸ਼ ਅਧਿਕਾਰੀਆਂ ਅਤੇ ਅੱਪਰ ਕਲਾਸ ਮੁਲਾਜ਼ਮਾਂ ਨੂੰ ਮੁੰਬਈ ਤੋਂ ਵਾਇਆ ਦਿੱਲੀ ਸਰਹੱਦੀ ਸੂਬਿਆਂ ਵੱਲ ਲੈ ਜਾਣ ਦੇ ਮੱਕਸਦ ਨਾਲ ਹੀ ਚਲਾਈ ਗਈ ਸੀ।

1930 ਤੋਂ ਆਮ ਲੋਕਾਂ ਦੀ ਸਵਾਰੀ ਬਣੀਂ ਇਹ ਟਰੇਨ

ਪੰਜਾਬ ਮੇਲ ਦਾ ਪਹਿਲਾ ਨਾਂਅ ਪੰਜਾਬ ਲਿਮਟਿਡ ਐਕਸਪ੍ਰੈਸ ਹੁੰਦਾ ਸੀ। ਇਸ ਟਰੇਨ ਵਿਚ 6 ਕੋਚ ਹੁੰਦੇ ਸਨ ਜਿਸ ਵਿਚੋਂ ਤਿੰਨ ਕੋਚ ਸਵਾਰੀ ਅਤੇ ਤਿੰਨ ਡਾਕ ਲਈ ਹੁੰਦੇ ਸਨ। 1930 ਵਿਚ ਇਸ ਦੇ ਨਾਲ ਆਮ ਲੋਕਾਂ ਦੇ ਸਵਾਰ ਹੋਣ ਲਈ ਕੋਚ ਜੋੜੇ ਗਏ ਸਨ।

ਕੋਲੇ ਦੇ ਇੰਜਨ ਅਤੇ ਲੱਕੜ ਦੇ ਡੱਬਿਆਂ ਨਾਲ ਪਿਸ਼ਾਵਰ ਤੋਂ ਮੁੰਬਈ ਦਰਮਿਆਨ 2496 ਕਿਲੋਮੀਟਰ ਦਾ ਸਫਰ ਇਹ ਟਰੇਨ 47 ਘੰਟਿਆਂ ਵਿਚ ਕਰਦੀ ਹੁੰਦੀ ਸੀ। ਪਹਿਲੋਂ ਪਹਿਲ ਇਸ ਵਿਚ ਸਿਰਫ 96 ਯਾਤਰੀ ਹੀ ਸਫਰ ਕਰਦੇ ਹੁੰਦੇ ਸਨ, ਜੋ ਸਿਰਫ ਅੰਗਰੇਜ਼ ਹੀ ਹੁੰਦੇ ਸਨ। ਇਸ ਟਰੇਨ ਵਿਚ ਖਾਣਪੀਣ , ਸ਼ੋਚਾਲਿਆ ਅਤੇ ਨਹਾਉਣ ਵਗੈਰਹ ਦੇ ਵੀ ਪ੍ਰਬੰਧ ਹੁੰਦੇ ਸਨ।

1945 ਤੋਂ ਪੰਜਾਬ ਮੇਲ ਵਿਚ ਲੱਗਾ ਏ ਸੀ ਕੋਚ

1945 ਵਿਚ ਇਸ ਟਰੇਨ ਵਿਚ ਪਹਿਲੀ ਵਾਰ ਏਸੀ ਕੋਚ ਜੋੜੇ ਗਏ ਸਨ। ਮੋਜੂਦਾ ਸਮੇਂ ਇਸ ਵਿਚ 12 ਸਲੀਪਰ ਕਲਾਸ,ਚਾਰ ਜਨਰਲ ਡੱਬੇ ਜਦਕਿ ਏਸੀ ਦੀਆਂ ਵੱਖ ਵੱਖ ਸ਼੍ਰੇਣੀਆਂ ਦੇ ਅੱਠ ਡੱਬੇ ਜੋੜੇ ਜਾਂਦੇ ਹਨ।

Posted By: Jagjit Singh