ਸੋਮ ਪ੍ਰਕਾਸ਼, ਜਲਾਲਾਬਾਦ : ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਕਮੇਟੀ ਮੰਡਲ ਜਲਾਲਾਬਾਦ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਸਥਾਨਕ 132 ਕੇਵੀ ਬਿਜਲੀ ਘਰ 'ਚ ਮੰਡਲ ਪੱਧਰ 'ਤੇ ਪ੍ਰਧਾਨ ਸੁੱਚਾ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਇਸ 'ਚ ਜਲਾਲਾਬਾਦ, ਗੁਰੂਹਰਸਹਾਏ ਤੇ ਘੁਬਾਇਆ ਦੀਆਂ ਸਮੂਹ ਸਬ ਡਵੀਜ਼ਨਾਂ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ। ਇਸ ਧਰਨੇ ਵਿਚ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੀ ਜੰਮ ਕੇ ਨਿਖੇਧੀ ਕੀਤੀ ਗਈ ਅਤੇ ਪਾਵਰਕਾਮ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦਾ ਪੇ-ਬੈਡ ਅਤੇ ਕੱਟਿਆ ਮੋਬਾਈਲ ਭੱਤਾ, ਕੇੇਸ਼ ਲੈਸ ਸਕੀਮ ਸਾਰੇ ਮੁਲਾਜਮਾਂ 'ਤੇ ਲਾਗੂ ਕੀਤੀ ਜਾਵੇ। ਮਿਤੀ 01 ਜਨਵਰੀ 2006 ਤੋਂ 30 ਨਵੰਬਰ 2011 ਦੇ ਦਰਮਿਆਨ ਜੋ ਬਕਾਇਆ ਗਰੇਡ ਪੇ ਦੇਣਾ ਹੈ, ਇਹ ਬਕਾਇਆ ਕੇਸ਼ ਹੈਡ ਆਫਿਸ ਪਟਿਆਲਾ ਤੋਂ ਕਲੀਅਰ ਨਹੀਂ ਹੋ ਰਿਹਾ, ਜੋ ਜਲਦੀ ਕਲੀਅਰ ਕੀਤਾ ਜਾਵੇ। ਸੇਵਾ ਮੁਕਤ ਮੁਲਾਜਮਾਂ ਨੂੰ ਜਲਦੀ ਇਹ ਬਕਾਇਆ ਦਿੱਤਾ ਜਾਵੇ। ਪੇ ਕਮਿਸਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ। ਪਾਵਰ ਕਾਮ ਵਲੋਂ ਇਨਕਮ ਟੈਕਸ ਦਾ ਸਰਕੂਲਰ 01/2021 ਮਿਤੀ 22 ਜਨਵਰੀ 2021 ਜੋ ਸੀਨੀਅਰ ਸਿਟੀਜਨ ਤੇ 200 ਰੁਪਏ ਪ੍ਰਤੀ ਮਹੀਨਾ ਟੈਕਸ ਲਗਾਇਆ ਹੈ, ਇਹ ਸਰਕੁਲਰ ਵਾਪਸ ਲਿਆ ਜਾਵੇ।

ਇਸ ਧਰਨੇ ਨੂੰ ਇੰਪਲਾਈਜ ਫੈਡਰੇਸ਼ਨ ਦੇ ਨੁਮਾਇੰਦੇ ਰੋਹਿਤ ਬਾਘਲਾ, ਗਿਆਨ ਚੰਦ, ਚੇਤਨ ਕੁਮਾਰ, ਜਸਵੰਤ ਸਿੰਘ, ਟੀ.ਐਸ.ਯੂ. ਸ਼ਿੰਗਾਰ ਸਿੰਘ, ਰਾਮ ਕ੍ਰਿਸ਼ਨ, ਕੇਵਲ ਕ੍ਰਿਸ਼ਨ, ਕਰਤਾਰ ਸਿੰਘ, ਬੱਗਾ ਸਿੰਘ, ਪੈਨਸ਼ਨਰ ਸੇਵਾ ਮੁਕਤ ਬਚਨ ਸਿੰਘ, ਸੁਰਜਨ ਸਿੰਘ, ਨੱਥੂ ਰਾਮ, ਸੁੱਚਾ ਸਿੰਘ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਭਗਵਾਨ ਚੰਦ ਨੇ ਨਿਭਾਈ। ਅੱਜ ਦੇ ਧਰਨੇ ਵਿਚ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਾਲੇ ਕਾਨੂੰਨ ਰੱਦ ਕੀਤੇ ਜਾਣ। ਅੰਤ ਵਿਚ ਮੁਲਾਜਮਾਂ ਵਲੋਂ ਪਾਵਰ ਕਾਮ ਮੈਨੇਜਮੈਂਟ ਦੀ ਅਰਥੀ ਫੂਕੀ ਗਈ ਅਤੇ ਮੰਗਾਂ ਦਾ ਹੱਲ ਨਾ ਹੋਣ 'ਤੇ ਸੰਘਰਸ਼ ਤਿੱਖਾ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ।