ਜਗਵੰਤ ਸਿੰਘ ਮੱਲ੍ਹੀ, ਮਖੂ : ਮਗਨਰੇਗਾ ਕਰਮਚਾਰੀ ਯੂਨੀਅਨ ਦੇ ਬਲਾਕ ਰਜਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਸ਼ੁਰੂ ਕੀਤਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦੇ ਆਗੂਆਂ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਨਰੇਗਾ ਅਧੀਨ ਪਿਛਲੇ 11-12 ਸਾਲਾਂ ਤੋਂ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਲਈ ਬਲਾਕ ਪਧਰੀ ਧਰਨੇ ਪ੍ਰਦਰਸ਼ਨ ਪੂਰੇ ਪੰਜਾਬ 'ਚ ਸ਼ੁਰੂ ਕੀਤੇ ਸਨ। ਉਨ੍ਹਾਂ ਆਖਿਆ ਕਿ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਪੱਕੇ ਕਰਨ ਦੀ ਮੰਗ ਸਰਕਾਰ ਉਠਾਈ ਜਾਂਦੀ ਰਹੀ ਹੈ। ਮਹਿਕਮੇ ਵੱਲੋਂ ਪੱਕੇ ਕਰਨ ਦਾ ਕੇਸ ਦੋ ਵਾਰ ਪ੍ਰਸੋਨਲ ਵਿਭਾਗ ਪੰਜਾਬ ਨੂੰ ਭੇਜਿਆ ਵੀ ਜਾ ਚੁੱਕਾ ਹੈ। ਜਦਕਿ ਸਰਕਾਰ ਵੱਲੋਂ ਪੈਸੇ ਦੀ ਘਾਟ ਦਾ ਬਹਾਨਾ ਬਣਾ ਕੇ ਕੇਸ ਹੁਣ ਫਿਰ ਵਾਪਸ ਭੇਜ ਦਿੱਤਾ ਗਿਆ ਹੈ।

----------

ਸਰਕਾਰ ਲਾਰੇ ਲਾ ਕੇ ਵਕਤ ਟਪਾ ਰਹੀ : ਆਗੂ

ਆਗੂਆਂ ਨੇ ਦੱਸਿਆ ਕਿ ਮਗਨਰੇਗਾ ਮੁਲਾਜ਼ਮ 2007-2008 ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਡਿਊਟੀ ਕਰ ਰਹੇ ਹਨ। ਸਾਰੇ 1539 ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਹੋਈ ਹੈ। ਸਰਕਾਰ ਰੈਗੁਲਰ ਕਰਨ ਦੀਆਂ ਮੰਗਾਂ 'ਤੇ ਲਾਰੇ ਲਾ ਕੇ ਵਕਤ ਟਪਾ ਰਹੀ ਹੈ। ਨਰੇਗਾ ਮੁਲਾਜ਼ਮਾਂ ਦਾ ਈਪੀਐੱਫ ਨਹੀਂ ਕੱਟਿਆ ਜਾ ਰਿਹਾ ਹੈ, ਨਾ ਮੋਬਾਈਲ ਭੱਤਾ ਮਿਲਦਾ। ਡਿਊਟੀ ਦੌਰਾਨ ਮੌਤ ਹੋਣ 'ਤੇ ਕੋਈ ਲਾਭ ਨਹੀਂ ਮਿਲਦਾ। ਨਾ ਚੰਗੀਆਂ ਡਾਕਟਰੀ ਸਹੂਲਤਾਂ ਤੇ ਨਿਗੂਣਾ ਆਵਾਜਾਈ ਭੱਤਾ ਅਤੇ ਨਾ ਹੀ ਸਰਵਿਸ ਰਿਕਾਰਡ ਰੱਖਿਆ ਜਾ ਰਿਹਾ ਹੈ। ਇਸ ਸਭ ਦੇ ਚੱਲਦਿਆਂ ਮੁਲਾਜ਼ਮਾਂ ਦਾ ਭਵਿੱਖ ਖਤਰੇ ਵਿਚ ਹੈ।

----------

19 ਤੇ 20 ਨੂੰ ਦਿੱਤੇ ਜਾਣਗੇ ਜ਼ਿਲ੍ਹਾ ਪੱਧਰੀ ਧਰਨੇ

ਹੁਣ ਗੁੱਸਾ ਕਿਸ ਗੱਲ ਦਾ

ਵਿਭਾਗੀ ਮੰਗਾਂ ਪਿਛਲੇ ਡੇਢ ਸਾਲ ਤੋਂ ਪ੍ਰਵਾਨ ਵੀ ਕਰ ਲਈਆਂ ਗਈਆਂ ਸਨ। ਜਦਕਿ ਝੂਠੇ ਲਾਰਿਆਂ ਤੋਂ ਸਿਵਾਏ ਕੋਈ ਵੀ ਠੋਸ ਹੱਲ ਨਹੀਂ ਹੋ ਸਕਿਆ। ਧਰਨਾਕਾਰੀਆਂ ਆਖਿਆ ਕਿ 21 ਅਗਸਤ ਦੀ ਸੂਬਾਈ ਮੀਟਿੰਗ ਵਿਚ ਕੀਤੇ ਫੈਸਲੇ ਮੁਤਾਬਿਕ ਨਰੇਗਾ ਦੇ ਹਰ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ 16,17,18, ਸਤੰਬਰ ਨੂੰ ਬਲਾਕ ਪੱਧਰ 'ਤੇ ਧਰਨੇ ਦੇਣ ਤੋਂ ਬਾਅਦ 19 ਤੇ 20 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ।

..............................

ਪਹਿਲਾਂ ਹੀ ਸਿਆਸੀ ਨੇਤਾਵਾਂ ਨੂੰ ਦਿੱਤੇ ਜਾ ਚੁੱਕੇ ਮੰਗ ਪੱਤਰ : ਧਰਨਾਕਾਰੀ

ਧਰਨਾਕਾਰੀਆਂ ਨੇ ਆਖਿਆ ਕਿ ਪਹਿਲਾਂ ਹੀ ਕਾਂਗਰਸੀ ਲੋਕ ਸਭਾ ਮੈਂਬਰਾਂ, ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਨੇਤਾਵਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਜਦਕਿ ਸਰਕਾਰ ਨੇ ਅਜੇ ਤਕ ਗੱਲਬਾਤ ਦੀ ਕੋਈ ਵੀ ਪੇਸ਼ਕਸ਼ ਨਹੀਂ ਕੀਤੀ। ਧਰਨੇ 'ਚ ਬਲਾਕ ਪ੍ਰਧਾਨ ਰਜਿੰਦਰ ਸਿੰਘ, ਦਰਬਾਰਾ ਸਿੰਘ ਜੇਈ, ਨਵਦੀਪ ਸਿੰਘ ਜੇਈ, ਰਮਤ ਕੁਮਾਰ, ਸੁਖਵਿੰਦਰ ਸਿੰਘ,ਸੰਦੀਪ ਕੌਰ, ਹਰਦੀਪ ਕੌਰ ਸੀਏ, ਅਰਚਨਾ ਏਪੀਓ, ਸ਼ਮਸੇਰ ਸਿੰਘ, ਬਲਜੀਤ ਸਿੰਘ, ਰਚਿਤ ਅਤੇ ਮੋਹਿਤ ਮਲਹੋਤਰਾ ਆਦਿ ਵੀ ਹਾਜ਼ਰ ਸਨ।