ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਦਿੱਲੀ ਵਿੱਚ ਗੁਰੂ ਰਵਿਦਾਸ ਜੀ ਦੇ ਮੰਦਰ ਤੋੜੇ ਜਾਣ ਤੋਂ ਬਾਅਦ ਪੰਜਾਬ ਵਿਚ ਰਵਿਦਾਸ ਭਾਈਚਾਰੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਵੇਖਦਿਆਂ ਹੋਇਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਡੀਸੀ ਦਫ਼ਤਰ ਫਿਰੋਜ਼ਪੁਰ ਦਿੱਤਾ ਜਾਣ ਵਾਲਾ ਧਰਨਾ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਹੁਣ ਇਹ ਧਰਨਾ 14 ਅਗਸਤ ਦਿਨ ਬੁੱਧਵਾਰ ਨੂੰ ਡੀਸੀ ਦਫ਼ਤਰ ਫਿਰੋਜ਼ਪੁਰ ਸਾਹਮਣੇ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੇ ਭਰੇ ਹੋਏ ਫਾਰਮ ਜਮ੍ਹਾ ਕਰਵਾਏ ਜਾਣਗੇ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਦਿੱਲੀ ਵਿਚ ਇਕ ਸੋਚੀ ਸਮਝੀ ਸਾਜ਼ਿਸ਼ ਸਥਿਤ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਢਾਹ ਕੇ ਭਾਈਚਾਰੇ ਦੀਆਂ ਭਾਵਨਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ਤੋਂ ਬਾਅਦ ਪੰਜਾਬ ਵਿਚ ਰਵਿਦਾਸ ਭਾਈਚਾਰੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਕਰਕੇ ਪੰਜਾਬ ਦੇ ਰਵਿਦਾਸ ਭਾਈਚਾਰੇ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਕਾਰਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ 13 ਅਗਸਤ ਨੂੰ ਦਿੱਤੇ ਜਾਣ ਵਾਲੇ ਧਰਨੇ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਹੈ। ਹੁਣ ਇਹ ਧਰਨਾ 14 ਅਗਸਤ ਦਿਨ ਬੁੱਧਵਾਰ ਨੂੰ ਡੀਸੀ ਦਫ਼ਤਰ ਫਿਰੋਜ਼ਪੁਰ ਸਾਹਮਣੇ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਕਰਜ਼ ਮਾਫ਼ੀ ਦੇ ਫਾਰਮ ਜਮ੍ਹਾ ਕਰਵਾਏ ਜਾਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੁਰਮੀਤ ਸਿੰਘ ਮਹਿਮਾ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਜੈਲ ਸਿੰਘ ਚੱਪਾਅੜਿੱਕੀ ਨੇ ਦੱਸਿਆ ਕਿ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਧਾਰਮਿਕ ਸਥਾਨਾਂ ਨੂੰ ਤੋੜੇ ਜਾਣਾ ਭਾਜਪਾ ਤੇ ਆਰਐੱਸਐੱਸ ਦਾ ਮੁੱਖ ਏਜੰਡਾ ਹੈ ਜਿਸ ਨੂੰ ਹੁਣ ਸੁਪਰੀਮ ਕੋਰਟ ਦੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਹਿੰਦੂਤਵ ਫਾਸ਼ੀਵਾਦੀ ਹੱਲੇ ਖਿਲਾਫ਼ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਹੀ ਭਾਰਤ ਵਿੱਚ ਜਮਹੂਰੀਅਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ।