ਸੋਮ ਪ੍ਰਕਾਸ਼, ਜਲਾਲਾਬਾਦ : ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ, ਰੈਗੂਲਾਰ ਮੁਲਾਜਮਾਂ, ਕਿਸਾਨਾਂ, ਸਅਨਤੀ ਮਜਦੂਰਾਂ ਵੱਲੋਂ 'ਗਣਤੰਤਰ ਦਿਵਸ' ਨੂੰ ਵਿਰੋਧ ਦਿਵਸ ਦੇ ਰੂਪ 'ਚ ਰਿਲਾਇਸ ਪੰਪ 'ਤੇ ਇਕੱਠੇ ਹੋਣ ਉਪਰੰਤ ਜਲਾਲਾਬਾਦ ਸ਼ਹਿਰ 'ਚ ਮੋਟਰ ਸਾਈਕਲ ਰੈਲੀ ਕੱਢੀ ਗਈ ਅਤੇ ਇਸਦੇ ਬਾਅਦ ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਅੱਗ ਦੇ ਹਵਾਲੇ ਕੀਤੀਆਂ ਗਈਆਂ।

ਆਗੂ ਸੁਖਚੈਨ ਸਿੰਘ ਸੋਢੀ, ਬਲਵਿੰਦਰ ਸਿੰਘ ਨੂਰ ਸਮੰਦ, ਸ਼ਿਵ ਸ਼ੰਕਰ, ਅਮਰੀਕ ਸਿੰਘ, ਮਨਪ੍ਰਰੀਤ ਕੁਮਾਰ, ਸੁਨੀਲ ਕੁਮਾਰ, ਪੀ.ਡਬਲਯੂ.ਡੀ.ਫੀਲਡ ਅਤੇ ਵਰਕਸ਼ਾਪ ਯੂਨੀਅਨ ਬ੍ਾਂਚ ਜਲਾਲਾਬਾਦ ਦੇ ਪ੍ਰਧਾਨ ਪਰਮਜੀਤ ਸਿੰਘ, ਫੁੱਮਣ ਸਿੰਘ ਕਾਠਗੜ, ਬਲਦੇਵ ਰਾਜ ਭੜੋਲੀਵਾਲਾ, ਹਰਵੇਲ ਸਿੰਘ ਆਦਿ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਮਰਾਜੀ ਵਿੱਤੀ ਸੰਸਥਾ ਕੌਮਾਂਤਰੀ ਮੁਦਰਾ ਫੰਡ ਦੇ ਇਸ਼ਾਰਿਆਂ ਉਪਰ ਪਹਿਲਾਂ ਤੈਅ ਕਾਨੂੰਨਾਂ 'ਚ ਤਬਦੀਲੀ ਕਰਕੇ ਜਰੂਰੀ ਵਸਤਾਂ (ਖੇਤੀ ਪੈਦਾਵਾਰ) ਅਤੇ ਜਰੂਰੀ ਸੇਵਾਵਾਂ (ਬਿਜਲੀ, ਵਿਦਿਆ, ਪਾਣੀ ਤੇ ਸਿਹਤ ਸਹੂਲਤਾਂ) ਇਨ੍ਹਾਂ ਨੂੰ ਨਿੱਜੀ ਦੇਸ਼ੀ-ਵਿਦੇਸ਼ੀ ਧਨਾਢ ਸ਼ਾਹੂਕਾਰਾਂ ਦੇ ਹਵਾਲੇ ਕੀਤਾ ਹੈ। ਇਸੇ ਲੜੀ ਤਹਿਤ ਇਨ੍ਹਾਂ ਖੇਤਰਾਂ 'ਚ ਬੋਰੋਕ-ਟੋਕ ਲੁੱਟ ਦੇ ਰਸਤੇ 'ਚ ਰੁਕਾਵਟ ਬਣਦੇ ਪਹਿਲਾਂ ਤੈਅ ਖੇਤੀ ਅਤੇ ਲੇਬਰ ਕਾਨੂੰਨਾਂ 'ਚ ਤਬਦੀਲੀ ਕਰਕੇ ਮੇਹਨਤਕਸ਼ ਲੋਕਾਂ ਦੇ ਹਰ ਵਰਗ ਦੀ ਤਿੱਖੀ ਲੁੱਟ ਲਈ ਬੰਧੂਆਂ ਮਜਦੂਰਾਂ ਦੇ ਰੂਪ 'ਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ। ਇਕ ਪਾਸੇ ਭਾਰਤ ਸਰਕਾਰ ਇਸ ਸਮੇਂ 'ਗਣਤੰਤਰ ਦਿਵਸ' ਮਨਾ ਰਹੀ ਹੈ, ਉਸੇ ਹੀ ਸਮੇਂ ਵਿਚ ਦੇਸ਼ ਦੇ ਮਜਦੂਰਾਂ, ਮੁਲਾਜਮਾਂ ਅਤੇ ਕਿਸਾਨਾਂ ਨੂੰ ਮਿਲਦੇ ਨਾਮਾਤਰ ਅਧਿਕਾਰਾਂ ਨੂੰ ਖੋਹ ਕੇ ਕਾਰਪੋਰੇਟ ਘਰਾਣਿਆ ਨੂੰ ਕਿਰਤ ਦੀ ਬੇ ਰਹਿਮ ਲੁੱਟ ਕਰਨ ਦੇ ਅਧਿਕਾਰਾਂ ਨਾਲ ਲੈਸ ਕਰ ਰਹੀ ਹੈ। ਇਸ ਲਈ ਇਹ ਗਣਤੰਤਰ ਨਹੀਂ ਸਗੋ ਲੁੱਟ ਤੰਤਰ ਹੈ। ਇਹ ਗਣਤੰਤਰ ਦਿਵਸ ਇਸ ਵਾਰ ਲੋਕਾਂ ਲਈ ਲੁੱਟ ਦੀ ਸੌਗਾਤ ਅਤੇ ਕਿਰਤੀ ਕਾਮਿਆਂ ਅਤੇ ਮਜਦੂਰਾਂ ਲਈ ਤਬਾਹੀ ਦੇ ਵਰੰਟ ਲੈ ਕੇ ਆ ਰਿਹਾ ਹੈ। ਇਸਦੇ ਵਿਰੋਧ 'ਚ ਅਜ ਪੰਜਾਬ ਦੇ ਸਮੂਹ ਠੇਕਾ ਮੁਲਾਜਮ, ਹੋਰ ਮਜਦੂਰਾਂ,ਰੈਗੂਲਰ ਮੁਲਾਜਮਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਕਿਰਤੀ ਲੋਕਾਂ ਦੇ ਨਾਲ ਮਿਲ ਕੇ 26 ਜਨਵਰੀ 'ਵਿਰੋਧ ਦਿਵਸ' ਦੇ ਰੂਪ ਵਿਚ ਮਨਾ ਕੇ ਸਰਕਾਰ ਤੋਂ ਤਾਬਹਕੁੰਨ ਖੇਤੀ ਅਤੇ ਲੇਬਰ ਕਾਨੂੰਨਾਂ ਨੂੰ ਰੱਦ ਕਰਨ ਦੀ ਜੋਰਦਾਰ ਮੰਗ ਕਰ ਰਹੀ ਹੈ ਕਿ ਨਵੇਂ ਲਿਆਂਦੇ ਖੇਤੀ ਅਤੇ ਲੇਬਰ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਨਹੀਂ ਤਾਂ ਹਾਕਮ ਸਰਕਾਰਾਂ ਵਿਰੁੱਧ ਕਿਸਾਨਾਂ ਦੇ ਨਾਲ ਨਾਲ ਮੁਲਾਜਮਾਂ ਅਤੇ ਕਿਰਤੀ ਮਜਦੂਰਾਂ ਦੇ ਵੱਡੇ ਸੰਘਰਸ਼ਾਂ ਸ਼ੁਰੂ ਹੋਣਗੇ।