ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਫਿਰੋਜ਼ਪੁਰ ਨੇ ਕਿਸਾਨ ਕਰਜ਼ਾ ਮੁਕਤੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਡੀਸੀ ਫਿਰੋਜ਼ਪਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੇ ਕਰਜ਼ 'ਤੇ ਲੀਕ ਮਾਰਨ ਲਈ ਗੰਭੀਰ ਨਹੀਂ ਹੈ। ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵਿਚ 5 ਏਕੜ ਤਕ ਦੇ ਕਿਸਾਨਾਂ ਦਾ 2 ਲੱਖ ਕਰਜ਼ ਮਾਫ਼ ਕਰਨ ਦਾ ਵਾਅਦਾ ਸਿਰੇ ਚੜ੍ਹਦਾ ਨਜ਼ਰ ਨਹੀਂ ਆਉਂਦਾ। ਕਿਸਾਨਾਂ ਨੂੰ ਵੱਧ ਤੋਂ ਵੱਧ ਕਰਜ ਮਾਫੀ ਵਿਚੋਂ ਬਾਹਰ ਕਰਨ ਲਈ ਨਵੇਂ ਨਵੇਂ ਹੱਥਕੰਡੇ ਅਪਣਾਏ ਜਾ ਰਹੇ ਹਨ। ਕਿਸਾਨਾਂ ਨਾਲ ਪਹਿਲਾ ਹੀ ਧੋਖਾ ਹੋਇਆ ਜੋ 2 ਏਕੜ ਵਾਲੇ ਕਿਸਾਨਾਂ ਦੀ ਥਾਂ 25-30 ਏਕੜ ਵਾਲੇ ਆਪਣੇ ਚਹੇਤੇ ਕਰਜ਼ ਮਾਫ਼ੀ ਵਿਚ ਲਿਆਂਦੇ ਗਏ ਜਦਕਿ ਛੋਟੀ ਕਿਸਾਨੀ ਅਜੇ ਵੀ ਕਰਜ ਮਾਫ਼ੀ ਲਈ ਧੱਕੇ ਖਾ ਰਹੀ ਹੈ। ਕਰਜ਼ ਮਾਫ਼ੀ ਦੀ ਆਸ ਲਾਏ ਬੈਠੇ ਕਿਸਾਨਾਂ ਨੂੰ ਬੈਂਕ ਅਧਿਕਾਰੀ ਵੱਡ ਵੱਡ ਖਾ ਰਹੇ ਹਨ, ਉਨ੍ਹਾਂ ਨੂੰ ਕੁਰਕੀ ਨਿਲਾਮੀ ਦੇ ਨੋਟਿਸ ਭੇਜੇ ਜਾ ਰਹੇ ਹਨ। ਧਰਨੇ 'ਚ ਕਿਸਾਨਾਂ ਨੇ ਮੰਗ ਰੱਖੀ ਕਿ ਜੋ ਕਰਜ਼ ਮਾਫ਼ੀ ਦੇ ਫਾਰਮ ਭਰ ਕੇ ਜਮ੍ਹਾ ਕਰਵਾਏ ਹਨ ਸਰਕਾਰ ਉਨ੍ਹਾਂ ਕਿਸਾਨਾਂ ਦੇ ਕਰਜ਼ੇ 'ਤੇ ਫੌਰੀ ਲੀਕ ਮਾਰੇ। ਇਸ ਤੋਂ ਇਲਾਵਾ ਰਹਿ ਗਏ ਕਿਸਾਨਾਂ ਦੇ ਫਾਰਮ ਜਮ੍ਹਾ ਕਰਵਾਏੇ ਗਏ। ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਆਗੂਆਂ ਨੇ ਆਖਿਆ ਕਿ ਸਰਕਾਰ ਦੇ ਮਨਸੇ ਕਿਸਾਨਾਂ ਪ੍ਰਤੀ ਚੰਗੇ ਨਹੀਂ ਹਨ, ਆਪਣੀਆਂ ਹੱਕੀ ਮੰਗਾਂ ਵਾਸਤੇ ਕਿਸਾਨਾਂ ਨੂੰ ਸੰਘਰਸ਼ਾਂ ਦੇ ਰਾਹ ਪੈਣਾ ਪਵੇਗਾ, ਇਸ ਤੋਂ ਇਲਾਵਾ ਕਿਸਾਨਾਂ ਕੋਲ ਕੋਈ ਰਾਹ ਬਾਕੀ ਨਹੀਂ ਬਚਿਆ। ਅੱਜ ਦੇ ਧਰਨੇ ਨੂੰ ਰਛਪਾਲ ਸਿੰਘ, ਜ਼ਿਲ੍ਹਾ ਆਗੂ ਜੁਗਰਾਜ ਸਿੰਘ, ਗੁਰਦਿੱਤ ਸਿੰਘ ਸੰਤੂਵਾਲਾ, ਮੇਜਰ ਸਿੰਘ ਸ਼ਹਿਜ਼ਾਦੀ, ਬਲਜੀਤ ਸਿੰਘ, ਕਸ਼ਮੀਰ ਸਿੰਘ ਨੇ ਸੰਬੋਧਨ ਕੀਤਾ।