ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਜ਼ਿ 283 ਜ਼ਿਲ੍ਹਾ ਫਿਰੋਜ਼ਪੁਰ ਅਮਰੀਕ ਸਿੰਘ ਮਮਦੋਟ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਵਿਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਧਰਨਾ ਲਾ ਕੇ ਡਿਪਟੀ ਕਮਿਸ਼ਨਰ ਨੂੰ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਅਵਾਰਾਂ ਪਸ਼ੂਆਂ, ਨੀਲ ਗਾਵਾਂ ਵੱਲੋਂ ਕਿਸਾਨਾਂ ਵੱਲੋਂ ਬੀਜੀਆਂ ਫਸਲਾਂ ਦਾ ਨਿੱਤ ਦਿਨ ਵੱਡੀ ਪੱਧਰ ਤੇ ਨੁਕਸਾਨ ਕੀਤਾ ਜਾਂਦਾ ਹੈ। ਇਹ ਇਕੱਲਾ ਕਿਸਾਨ ਦੇਖ ਕੇ ਉਨ੍ਹਾਂ ਉਪਰ ਹਮਲਾ ਕਰਕੇ ਜ਼ਖ਼ਮੀ ਕਰਕੇ ਮੌਤ ਦੇ ਘਾਟ ਉਤਾਰ ਦਿੰਦੀਆਂ ਹਨ, ਜਿਥੇ ਕਿਸਾਨ ਦਿਨ ਵੇਲੇ ਮਿਹਨਤ ਕਰਕੇ ਆਪਣੀਆਂ ਫਸਲਾਂ ਦੀ ਰਾਖੀ ਕਰਨ ਨੂੰ ਮਜਬੂਰ ਹੋ ਰਹੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਵੱਲੋਂ ਹਮਲਾ ਕਰਨ ਨਾਲ ਜਾਂ ਹਾਦਸਿਆਂ ਨਾਲ ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ ਤੇ ਆਮ ਨਾਗਰਿਕ ਵੀ ਮਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪਿਛਲੇ ਚਾਰ ਸਾਲ ਪਹਿਲਾ ਅਕਾਲੀ ਸਰਕਾਰ ਸਮੇਂ ਡਿਪਟੀ ਕਮਿਸ਼ਨਰ ਦਫਤਰ, ਐੱਸਡੀਐੱਮ ਦਫਤਰ ਅਤੇ ਹਣ ਚਾਰ ਮਹੀਨੇ ਪਹਿਲਾ ਚੰਡੀਗੜ੍ਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅਵਾਰਾ ਪਸ਼ੂ ਸੋਂਪ ਕੇ ਸਰਕਾਰ ਤੋਂ ਇਨ੍ਹਾਂ ਨੂੰ ਸਾਂਭਣ ਦੀ ਮੰਗ ਕਰਨ ਤੇ ਬਾਵਜੂਦ ਸਰਕਾਰ ਨੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸਾਂਭਣ ਦਾ ਪ੍ਰਬੰਧ ਨਹੀਂ ਕੀਤਾ ਜਦਕਿ ਸਰਕਾਰ ਵੱਲੋਂ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਵੱਡੀ ਪੱਧਰ ਤੇ ਗਊ ਸੈਂਸ ਇਕੱਠਾ ਕੀਤਾ ਗਿਆ, ਹੁਣ ਇਨ੍ਹਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ। ਪੰਜਾਬ ਵਿਚ ਪਿਛਲੇ ਸਮੇਂ ਤੋਂ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਬਹੁਤ ਵੱਧ ਗਈ ਹੈ ਇਹ ਅਵਾਰਾ ਕੁੱਤਿਆਂ ਵੱਲੋਂ ਵੀ ਵੱਢਣ ਕਾਰਨ ਕਈ ਇਨਸਾਨਾਂ ਦੀ ਮੌਤ ਹੋ ਗਈ ਹੈ। ਇਸ ਲਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਵਿਚ ਇਨ੍ਹਾਂ ਨੂੰ ਵੇਚਣ ਲਈ ਪੰਜ ਸਲਾਟਰ ਹਾਊਸ ਖੋਲ੍ਹੇ ਜਾਣ ਤੇ ਇਨ੍ਹਾਂ ਦਾ ਮੀਟ ਬਾਹਰਲੇ ਦੇਸ਼ਾਂ ਨੂੰ ਭੇਜ ਕੇ ਜਿਥੇ ਸਰਕਾਰ ਆਪਣੇ ਖਜ਼ਾਨੇ ਭਰੇ ਉਥੇ ਇਹ ਪਸ਼ੂ ਵਿਕਣ ਨਾਲ ਕਿਸਾਨਾਂ ਨੂੰ ਵੀ ਆਰਥਿਕ ਲਾਭ ਹੋਵੇਗਾ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਜੋ 550 ਬੂਟੇ ਲਗਾਏ ਜਾ ਰਹੇ ਹਨ ਉਨ੍ਹਾਂ ਨੂੰ ਪਾਲਣ ਵਾਸਤੇ ਦੂਜੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਵਾਂਗ ਇਥੇ ਵੀ ਪਾਲਤੂ ਪਸ਼ੂ ਖੁੱਲੇ ਛੱਡਣ 'ਤੇ ਪਾਬੰਦੀ ਲਾਈ ਜਾਵੇ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ, ਸੁਖਪਾਲ ਸਿੰਘ ਬੁੱਟਰ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਕਰਮੂਵਾਲਾ ਪ੍ਰਰੈਸ ਸਕੱਤਰ ਪੰਜਾਬ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜੈਕਟਿਵ ਮੈਂਬਰ ਪੰਜਾਬ, ਕਿਰਨਪਾਲ ਸਿੰਘ ਸੋਢੀ, ਸਰਬਜੀਤ ਸਿੰਘ, ਰਘੁਬੀਰ ਸਿੰਘ ਜਨਰਲ ਸਕੱਤਰ ਲੁਧਿਆਣਾ, ਦਰਸ਼ਨ ਸਿੰਘ ਭਾਲਾ ਜ਼ਿਲ੍ਹਾ ਸੰਗਠਨ ਜਨਰਲ ਸਕੱਤਰ, ਮਾਸਟਰ ਗੁਰਬਖ਼ਸ਼ ਸਿੰਘ ਫਿਰੋਜ਼ਪੁਰ, ਗੁਰਮੀਤ ਸਿੰਘ ਘੱਲ, ਉਦਮ ਸਿੰਘ ਸਨੇਰ ਜ਼ੀਰਾ, ਬਲਜਿੰਦਰ ਸਿੰਘ ਮੱਖੂ, ਗੁਰਤੇਜ ਸਿੰਘ ਮੱਲਾਂਵਾਲਾ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ।