ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਕਰਜ਼ ਮਾਫ਼ੀ ਸਕੀਮ ਅਧੀਨ ਆਉਂਦੇ ਛੋਟੇ ਕਿਸਾਨਾਂ ਨੂੰ ਕਰਜ਼ ਮਾਫ਼ੀ ਦਾ ਲਾਭ ਨਾ ਮਿਲਣ ਕਰਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿਚ ਸੂਬਾ ਆਗੂ ਗੁਰਮੀਤ ਸਿੰਘ ਮਹਿਮਾ ਅਤੇ ਅਵਤਾਰ ਸਿੰਘ ਮਹਿਮਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਸਾਰੇ ਕਰਜ਼ੇ ਉਪਰ ਲੀਕ ਮਾਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਗਈ ਅਤੇ ਛੋਟੇ ਕਿਸਾਨਾਂ ਦਾ ਸਿਰਫ਼ ਦੋ ਲੱਖ ਤੱਕ ਦਾ ਕਰਜ਼ ਮਾਫ਼ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਦੱਸਿਆ ਕਿ ਸੰਘਰਸ਼ਾਂ ਤੋਂ ਬਾਅਦ ਪ੍ਰਰਾਪਤ ਕੀਤੀ ਗਈ ਇਹ ਛੋਟੀ ਜਿਹੀ ਕਰਜ਼ ਰਾਹਤ ਉਸ ਦੇ ਹੱਕਦਾਰ ਕਿਸਾਨਾਂ ਨੂੰ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹਜ਼ਾਰਾਂ ਛੋਟੇ ਕਿਸਾਨਾਂ ਨੂੰ ਹਾਲੇ ਤਕ ਕਰਜ਼ ਮਾਫੀ ਦਾ ਲਾਭ ਨਹੀਂ ਮਿਲਿਆ। ਕ੍ਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅਜਿਹੇ ਸੈਂਕੜੇ ਕਿਸਾਨਾਂ ਦੇ ਫਾਰਮ ਆਧਾਰ ਨੰਬਰਾਂ ਸਮੇਤ ਭਰਕੇ ਜਮ੍ਹਾ ਕਰਵਾਏ ਗਏ ਹਨ ਅਤੇ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿਚ ਜਲਦੀ ਕਰਜ਼ ਰਾਹਤ ਦੀ ਰਕਮ ਪਾਈ ਜਾਵੇ। ਆਗੂਆਂ ਵੱਲੋਂ ਦੱਸਿਆ ਗਿਆ ਕਿ ਜਥੇਬੰਦੀ ਵੱਲੋਂ ਵੱਖਰੇ ਤੌਰ ਤੇ ਇਨ੍ਹਾਂ ਕਿਸਾਨਾਂ ਦੀਆਂ ਲਿਸਟਾਂ ਵੀ ਬਣਾਈਆਂ ਗਈਆਂ ਹਨ ਤਾਂ ਜੋ ਬਾਅਦ ਵਿਚ ਵੀ ਇਨ੍ਹਾਂ ਕੇਸਾਂ ਦੀ ਪੈਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੇ ਮੰਗ ਕੀਤੀ ਕਿ ਬੈਂਕਾਂ ਅਤੇ ਸੂਦਖੋਰ ਆੜ੍ਹਤੀਆਂ ਵੱਲੋਂ ਧੋਖੇ ਨਾਲ ਕਿਸਾਨਾਂ ਤੋਂ ਪਹਿਲਾਂ ਹੀ ਲੈ ਕੇ ਰੱਖੇ ਗਏ ਚੈੱਕ ਅਦਾਲਤਾਂ ਵਿਚ ਲਾ ਕੇ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਇਨ੍ਹਾਂ ਚੈੱਕ ਕੇਸਾਂ ਨੂੰ ਫੌਰੀ ਰੱਦ ਕੀਤਾ ਜਾਵੇ। ਪਿੰਡ ਪੀਰੂਵਾਲਾ ਦੇ ਠੱਗ ਆੜ੍ਹਤੀਏ ਅਮੀਰ ਸਿੰਘ ਵੱਲੋਂ ਪਿੰਡ ਰੋਡੇਵਾਲਾ ਦੇ ਕਿਸਾਨ ਕੁਲਦੀਪ ਸਿੰਘ ਨੂੰ ਝੂਠੇ ਅਦਾਲਤੀ ਚੈੱਕ ਕੇਸ ਵਿਚ ਫਸਾ ਕੇ ਸਜ਼ਾ ਕਰਵਾਈ ਗਈ ਹੈ, ਕਿਸਾਨ ਕੁਲਦੀਪ ਸਿੰਘ ਦੀ ਸਜ਼ਾ ਰੱਦ ਕੀਤੀ ਜਾਵੇ ਅਤੇ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਇਸ ਸੰਘਰਸ਼ ਨੂੰ ਪੰਜਾਬ ਪੱਧਰਾ ਬਣਾਵੇਗੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਮਿੱਡਾ, ਸੁਰਜੀਤ ਕੁਮਾਰ ਬਜੀਦਪੁਰ, ਸੁਖਦੇਵ ਸਿੰਘ ਮਹਿਮਾ, ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਪਰਮਜੀਤ ਸਿੰਘ ਜ਼ੀਰਾ, ਟੀਐੱਸਯੂ ਦੇ ਆਗੂ ਇਕਬਾਲ ਗਾਮੂਵਾਲਾ ਆਦਿ ਨੇ ਵੀ ਸੰਬੋਧਨ ਕੀਤਾ, ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਦੇਸ ਰਾਜ ਬਾਜੇ ਕੇ ਨੇ ਬਾਖ਼ੂਬੀ ਨਿਭਾਈ।