ਬਗੀਚਾ ਸਿੰਘ, ਮਮਦੋਟ : ਆਲ ਪੰਜਾਬ ਆਂਗਨਵਾੜੀ ਯੂਨੀਅਨ ਪੰਜਾਬ ਜ਼ਿਲ੍ਹਾ ਦੀ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਯੂਨੀਅਨ ਵੱਲੋਂ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਚਾਰ ਵੱਡੀਆਂ ਰੋਸ ਰੈਲੀਆਂ ਦਾਖਾ, ਮੁਕੇਰੀਆਂ, ਫਗਵਾੜਾ ਅਤੇ ਜਲਾਲਾਬਾਦ ਵਿਖੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਰੈਲੀਆਂ 10 ਅਕਤੂਬਰ ਨੂੰ ਦਾਖਾ, 12 ਅਕਤੂਬਰ ਨੂੰ ਮੁਕੇਰੀਆਂ, 13 ਨੂੰ ਫਗਵਾੜਾ ਅਤੇ 19 ਅਕਤੂਬਰ ਨੂੰ ਜਲਾਲਾਬਾਦ ਵਿਖੇ ਕੀਤੀਆਂ ਜਾਣਗੀਆਂ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਨ੍ਹਾਂ ਰੈਲੀਆਂ ਵਿਚ ਹਜ਼ਾਰਾਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੀਆਂ। ਆਗੂਆਂ ਨੇ ਦੱਸਿਆ ਕਿ ਇਕ ਸਾਲ ਪਹਿਲਾ ਕੇਂਦਰ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ਵਿਚ ਕ੍ਰਮਵਾਰ 1500 ਤ 750 ਰੁਪਏ ਦਾ ਵਾਧਾ ਕੀਤਾ ਸੀ, ਪਰ ਪੰਜਾਬ ਸਰਕਾਰ ਨੇ 1500 ਦੀ ਥਾਂ 900 ਅਤੇ 750 ਰੁਪਏ ਦੀ ਥਾਂ 450 ਰੁਪਏ ਦਿੱਤੇ ਹਨ ਤੇ ਬਾਕੀ ਪੈਸੇ ਸਰਕਾਰ ਨੱਪੀ ਬੈਠੀ ਹੈ। ਪੋਸ਼ਣ ਅਭਿਆਨ ਦੇ ਪੈਸੇ ਦੋ ਸਾਲਾਂ ਤੋਂ ਸਰਕਾਰ ਨਹੀਂ ਦੇ ਰਹੀ। ਜਿਸ ਕਰਕੇ ਸੂਬੇ ਭਰ ਦੀਆਂ ਵਰਕਰਾਂ ਅਤੇ ਹੈਲਪਰਾਂ ਵਿਚ ਗੁੱਸੇ ਦੀ ਲਹਿਰ ਹੈ।