ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸ਼ਹਿਰੀ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਸਾਂਝੇ ਫੋਰਮ ਵੱਲੋਂ ਸ਼ਹਿਰੀ ਐੱਸਡੀਓ ਵਿਰੁੱਧ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਦੌਰਾਨ ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਮੰਗਾਂ ਦੇ ਸਬੰਧ 'ਚ ਉਨ੍ਹਾਂ ਵੱਲੋਂ ਐੱਸਡੀਓ ਨੂੰ ਬੀਤੀ 16 ਜੂਨ ਨੂੰ ਸਾਂਝੇ ਤੌਰ 'ਤੇ ਮੰਗ ਪੱਤਰ ਸੌਂਪਿਆ ਗਿਆ ਸੀ ਪਰ ਐੱਸਡੀਓ ਵੱਲੋਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਐੱਸਡੀਓ ਵੱਲੋਂ ਸਾਂਝੇ ਫੋਰਮ ਨੂੰ ਮੀਟਿੰਗ ਲਈ ਸਮਾਂ ਨਾ ਦਿੱਤਾ ਗਿਆ ਤਾਂ ਉਹ ਆਉਣ ਵਾਲੀ 14 ਜੁਲਾਈ ਨੂੰ ਐੱਸਡੀਓ ਸ਼ਹਿਰੀ ਖਿਲਾਫ਼ ਤਿੱਖਾ ਸੰਘਰਸ਼ ਵਿੱਢਣਗੇ ਤੇ ਸਬ ਡਵੀਜ਼ਨ ਵਿਚ ਕੰਮ ਬੰਦ ਕਰ ਦੇਣਗੇ, ਜਿਸ ਦੀ ਜ਼ਿੰਮੇਵਾਰੀ ਸਬੰਧਤ ਐੱਸਡੀਓ ਦੀ ਹੋਵੇਗੀ।

ਇਸ ਮੌਕੇ ਸੁਖਲਾਲ ਪ੍ਰਧਾਨ, ਮਨਜਿੰਦਰ ਸਿੰਘ, ਬਰਜਿੰਦਰ ਸ਼ਰਮਾ, ਦਵਿੰਦਰ ਸਿੰਘ, ਸਮਸ਼ੇਰ ਸਿੰਘ, ਗੁਰਸੇਵਕ ਸਿੰਘ, ਜੰਗੀਰ ਸਿੰਘ, ਟੈਕਨੀਕਲ ਸਰਵਿਸਜ਼ ਯੂਨੀਅਨ ਅਤੇ ਬਸੰਤ ਸਿੰਘ, ਸ਼ਮਿੰਦਰ ਸਿੰਘ, ਗੁਰਬਾਜ ਸਿੰਘ, ਗੋਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।