ਕੇਵਲ ਅਹੂਜਾ, ਮਖੂ : ਨਾਜਾਇਜ਼ ਪਰਚਾ ਦਰਜ ਕਰਵਾ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਵਿਰੁੱਧ ਥਾਣਾ ਮਖੂ ਦੀ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਪਰਚਾ ਨਾ ਦਰਜ ਕਰਨ ਕਾਰਨ ਮਿ੍ਤਕ ਲਖਬੀਰ ਸਿੰਘ ਦੇ ਪਰਿਵਾਰ ਵਾਲਿਆਂ ਅਤੇ ਮੋਗਾ ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦੀਆਂ ਜਿਨਾਂ੍ਹ ਵਿਚ ਵਿਸ਼ਵ ਕਰਮਾ ਆਟੋ ਯੂਨੀਅਨ, ਮੋਗਾ ਮੋਟਰ ਮਕੈਨੀਕਲ ਯੂਨੀਅਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਸਵਰਨਕਾਰ ਯੂਨੀਅਨ, ਕਾਰ ਜੀਪ ਡੀਲਰ ਐਸੋਸੀਏਸ਼ਨ, ਸਮਾਜ ਸੇਵਾ ਸੁਸਾਇਟੀ ਆਦਿ ਦੇ ਆਗੂਆਂ ਅਤੇ ਬੀਬੀਆਂ ਵੱਲੋਂ ਥਾਣਾ ਮਖੂ ਅੱਗੇ ਦੂਜੇ ਦਿਨ ਫਿਰ ਧਰਨਾ ਲਗਾਇਆ ਗਿਆ। ਪਰ ਪੁਲਿਸ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਇਸ ਧਰਨੇ ਵਿਚ ਨਹੀਂ ਪਹੁੰਚਿਆ। ਜਿਸ ਕਰਨ ਮਿ੍ਤਕ ਲਖਬੀਰ ਸਿੰਘ ਦੇ ਪਰਿਵਾਰ ਵਾਲਿਆਂ ਅਤੇ ਜਥੇਬੰਦੀਆਂ ਦੇ ਆਗੂਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦ ਤੱਕ ਦੋਸ਼ੀਆਂ ਵਿਰੁੱਧ ਪਰਚਾ ਦਰਜ ਨਹੀਂ ਹੁੰਦਾ ਤਦ ਤੱਕ ਥਾਣਾ ਮਖੂ ਅੱਗੇ ਧਰਨਾ ਦਿੰਦੇ ਰਹਿਣਗੇ ਤੇ ਮਿ੍ਤਕ ਲਖਬੀਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਮੋਗਾ ਵਿਖੇ ਪ੍ਰਰਾਈਵੇਟ ਬੈਂਕ ਵਿਚ ਬਤੌਰ ਮੈਨੇਜਰ ਲਖਬੀਰ ਸਿੰਘ ਤੇ ਅਤੇ ਉਸ ਦੇ ਭਰਾ 'ਤੇ ਨਜਾਇਜ ਪਰਚਾ ਦਰਜ ਹੋਣ ਕਾਰਨ ਬੀਤੇ ਦਿਨੀਂ ਬੰਗਾਲੀ ਵਾਲਾ ਪੁੱਲ ਦੀਆਂ ਨਹਿਰਾਂ ਵਿਚ ਛਾਲ ਮਾਰਕੇ ਲਖਬੀਰ ਸਿੰਘ ਵੱਲੋ ਆਤਮ ਹੱਤਿਆ ਕਰ ਲਈ ਸੀ। ਲਖਬੀਰ ਸਿੰਘ ਦੇ ਆਤਮ ਹੱਤਿਆ ਕਰਨ ਮੌਕੇ ਲਿਖਿਆ ਹੋਇਆ ਸੁਸਾਇਡ ਨੋਟ ਮਿਲਿਆ ਸੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।