ਰਾਜੇੇਸ਼ ਢੰਡ, ਜ਼ੀਰਾ : ਪਿੰਡ ਸ਼ਾਹ ਅੱਬੂ ਬੱਕਰ ਵਿਖੇ ਰੰਜਿਸ਼ ਦੇ ਤਹਿਤ ਇਕ ਬਜ਼ੁਰਗ ਦੇ ਕੀਤੇ ਗਏ ਕਥਿਤ ਕਤਲ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਸਦਰ ਜ਼ੀਰਾ ਅੱਗੇ ਰੋਹ ਭਰਪੂਰ ਧਰਨਾ ਲਗਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਮਿ੍ਤਕ ਸੁਖਵਿੰਦਰ ਸਿੰਘ (58) ਦੇ ਭਰਾ ਅਮਰ ਸਿੰਘ ਵਾਸੀ ਸ਼ਾਹ ਅੱਬੂ ਬੱਕਰ ਨੇੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸ ਦੇ ਭਤੀਜੇ ਇੰਦਰਜੀਤ ਸਿੰਘ ਦੀ ਪਿੰਡ ਦੇ ਇਕ ਪਰਿਵਾਰ ਦੀ ਨੂੰਹ ਨਾਲ ਗਿੱਟਮਿੱਟ ਹੋ ਗਈ ਜਿਸ ਬਾਰੇ ਉਸ ਦੇ ਪਰਿਵਾਰ ਨੂੰ ਵੀ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਉਸਦੇ ਭਤੀਜੇ ਖ਼ਿਲਾਫ਼ ਪਰਚਾ ਦਰਜ ਕਰਵਾ ਦਿੱਤਾ ਸੀ, ਪਰ ਬਾਅਦ ਵਿਚ ਦੋਵਾਂ ਧਿਰਾਂ ਦਾ ਆਪਸ 'ਚ ਰਾਜੀਨਾਮਾ ਹੋ ਗਿਆ। ਇਸ ਦੇ ਬਾਵਜੂਦ ਉਕਤ ਪਰਿਵਾਰ ਉਸ ਦੇ ਭਤੀਜੇ ਨਾਲ ਰੰਜ਼ਿਸ਼ ਰੱਖਦਾ ਸੀ ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਦੋਸ਼ੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਤਾਂ ਉਸ ਨੂੰ ਬਚਾਉਣ ਲਈ ਉਸ ਦਾ ਭਰਾ ਸੁਖਵਿੰਦਰ ਸਿੰਘ ਅੱਗੇ ਹੋਇਆ ਤਾਂ ਦੋਸ਼ੀਆਂ ਨੇ ਉਸ ਉਪਰ ਹਮਲਾ ਕਰਕੇ ਉਸ ਨੂੰ ਫ਼ੱਟੜ ਕਰ ਦਿੱਤਾ ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਅਮਰ ਸਿੰਘ ਨੇ ਅੱਗੇ ਦੱਸਿਆ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਥਿਤ ਦੋਸ਼ੀ ਖੁਦ ਹੀ ਆਪਣੇ ਜਾਅਲੀ ਸੱਟਾਂ ਮਾਰ ਕੇ ਫ਼ਰੀਦਕੋਟ ਵਿਖੇ ਸਰਕਾਰੀ ਹਸਪਤਾਲ ਵਿਚ ਦਾਖਲ ਹੋ ਗਏ ਹਨ ਅਤੇ ਸਾਡੇ ਵੱਲੋਂ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਵੀ ਉਨ੍ਹਾਂ ਖ਼ਿਲਾਫ਼ ਪੁਲਿਸ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਥਾਣਾ ਸਦਰ ਜ਼ੀਰਾ ਦੇ ਅੱਗੇ ਧਰਨਾ ਲੱਗਣ ਕਰਕੇ ਸੜਕ ਜਾਮ ਹੋ ਗਈ ਅਤੇ ਰਾਹਗੀਰਾਂ ਨੂੰ ਭਾਰੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੂੰ ਟ੍ਰੈਿਫ਼ਕ ਨੂੰ ਚਾਲੂ ਰੱਖਣ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਡੀਐੱਸਪੀ ਜ਼ੀਰਾ ਰਾਜਵਿੰਦਰ ਸਿੰਘ ਵੱਲੋਂ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।