ਸੁਖਵਿੰਦਰ ਥਿੰਦ, ਫਾਜ਼ਿਲਕਾ : ਭਾਰਤੀ ਕਮਿਊਨਿਸਟ ਪਾਰਟੀ ਫਾਜ਼ਿਲਕਾ ਅਤੇ ਜਨਰਲ ਰੇਤਾ ਯੂਨੀਅਨ ਦੇ ਆਗੂ ਸੁਬੇਗ ਝੰਗੜ , ਭੈਣੀ ਕਿ੍ਸ਼ਨ ਧਰਮੂਵਾਲਾ, ਤੇਜਾ ਅਮੀਰ ਖਾਸ, ਧਰਮਿੰਦਰ ਰਹਿਮੇਸ਼ਾਹ ਦੀ ਅਗਵਾਈ ਹੇਠ ਸੁਖੇਰਾ ਬੋਦਲਾ (ਲਮੋਚੜ ਕਲਾਂ) ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਮਰੇਡ ਸੁਰਿੰਦਰ ਢੰਡੀਆਂ ਤੇ ਕਾਮਰੇਡ ਸੰਦੀਪ ਯੋਧਾ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨ ਲਈ ਪਹੁੰਚੇ। ਆਗੂਆਂ ਦੱਸਿਆ ਕਿ 16 ਤਰੀਕ ਨੂੰ ਸੀਪੀਆਈ ਵੱਲੋਂ ਨਾਜਾਇਜ਼ ਰੇਤ ਚੋਰੀ ਨਾ ਰੋਕਣ ਵਾਲੇ ਡੀਸੀ ਫਾਜ਼ਿਲਕਾ ਤੇ ਐੱਸਐੱਸਪੀ ਖਿਲਾਫ ਦੋ ਘੰਟੇ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਡੀਐੱਸਪੀ ਨੇ ਪਹੁੰਚ ਕੇ ਵਿਸ਼ਵਾਸ ਦੁਆਇਆ ਸੀ ਕਿ ਜ਼ਿਲ੍ਹੇ ਅੰਦਰ ਕੋਈ ਵੀ ਨਾਜਾਇਜ਼ ਰੇਤੇ ਦੀ ਖੱਡ ਨਹੀਂ ਚੱਲਣ ਦੇਵਾਂਗੇ ਜੋ ਨਾਜਾਇਜ਼ ਖੱਡਾਂ ਚਲਾਈਆਂ ਹਨ, ਉਨ੍ਹਾਂ ਖਿਲਾਫ ਕਾਰਵਾਈ ਕਰਾਂਗੇ। ਇਹ ਵਿਸ਼ਵਾਸ ਦਿਵਾਉਣ 'ਤੇ ਆਪਣਾ ਪ੍ਰਦਰਸ਼ਨ ਪਾਰਟੀ ਵੱਲੋਂ ਖ਼ਤਮ ਕੀਤਾ ਗਿਆ ਸੀ। ਪਰ ਬਾਅਦ ਵਿਚ ਉੱਚ ਅਧਿਕਾਰੀਆਂ ਨੇ ਠੇਕੇਦਾਰਾਂ ਨੂੰ ਫਿਰ ਰੇਤ ਚੋਰੀ ਕਰਨ ਦੀ ਖੁੱਲ੍ਹ ਦੇ ਦਿੱਤੀ। ਪਾਰਟੀ ਆਗੂਆਂ ਅਤੇ ਯੂਨੀਅਨ ਆਗੂਆਂ ਦੀ ਅਗਵਾਈ ਹੇਠ ਵਰਕਰਾਂ ਨੂੰ ਲੈ ਕੇ ਪਿੰਡ ਸੁਖੇਰਾ ਬੋਦਲਾ ਲਮੋਚੜ ਕਲਾਂ ਵਿਖੇ ਮੌਕੇ 'ਤੇ ਨਾਜਾਇਜ਼ ਰੇਤ ਦੀਆਂ ਭਰੀਆਂ ਜਾ ਰਹੀਆਂ ਜੇਸੀਬੀ ਰਾਹੀਂ ਟਰਾਲੀਆਂ ਨੂੰ ਰੋਕਿਆ ਗਿਆ ਅਤੇ ਮੌਕੇ 'ਤੇ ਵਾਰ ਵਾਰ ਪ੍ਰਸ਼ਾਸਨ ਨੂੰ ਫੋਨ ਕੀਤੇ ਕਿ ਰੇਤ ਚੋਰੀ ਕਰਨ ਵਾਲਿਆਂ 'ਤੇ ਕਾਰਵਾਈ ਕਰੋ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਸਬੰਧੀ ਡਿਪਟੀ ਕਮਿਸ਼ਨਰ ਐਸਡੀਐਮ ਜਲਾਲਾਬਾਦ ਐਕਸੀਅਨ ਅਤੇ ਐਸਡੀਓ ਵਾਰ ਵਾਰ ਸੂਚਿਤ ਕੀਤਾ ਗਿਆ ਤੇ ਹਾਰ ਕੇ ਪਾਰਟੀ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਇਹ ਪ੍ਰਦਰਸ਼ਨ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਰੇਤ ਤਸਕਰਾਂ ਨੂੰ ਨੱਥ ਨਹੀਂ ਪਾਈ ਜਾਵੇਗੀ ।

ਇਸ ਮੌਕੇ ਸੁਬੇਗ ਝੰਗੜ ਭੈਣੀ ਅਤੇ ਕਾਮਰੇਡ ਤੇਜਾ ਸਿੰਘ ਨੇ ਬੋਲਦਿਆਂ ਦੱਸਿਆ ਕਿ ਜਿੰਨੀ ਦੇਰ ਤਕ ਰੇਤ ਮਾਫੀਆ ਬੰਦ ਕਰਕੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਉਨ੍ਹਾਂ ਸਮਾਂ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਅਤੇ ਇਸ ਤੋਂ ਬਾਅਦ ਜੇਕਰ ਖੱਡਾਂ ਬੰਦ ਨਾ ਕੀਤੀਆਂ ਗਈਆਂ ਤਾਂ ਫਿਰ ਮਜਬੂਰ ਹੋ ਕੇ ਪਾਰਟੀ ਅਤੇ ਜਥੇਬੰਦੀ ਨੂੰ ਕੋਈ ਵੱਡਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਵੇਗਾ,ਜਿਸ ਦੀ ਸਾਰੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਤੇ ਐਸਐਸਪੀ ਫਾਜ਼ਿਲਕਾ ਦੀ ਹੋਵੇਗੀ। ਉਪਰੋਕਤ ਆਗੂਆਂ ਤੋਂ ਇਲਾਵਾ ਬਲਵਿੰਦਰ ਫੱਤੂਵਾਲਾ ਰਮੇਸ਼ ਫੱਤੂਵਾਲਾ ਨਰਿੰਦਰ ਢਾਬਾਂ, ਸੁਰੇਸ਼ ਢਾਬਾਂ, ਨੇ ਵੀ ਸੰਬੋਧਨ ਕੀਤਾ।