ਸੰਜੀਵ ਮਦਾਨ/ਭੁਪਿੰਦਰ ਸਿੰਘ, ਲੱਖੋ ਕੇ ਬਹਿਰਾਮ : ਮਮਦੋਟ : ਮਮਦੋਟ ਦੇ ਨਜ਼ਦੀਕੀ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਲੱਗ ਰਹੇ ਨਵੇਂ ਮੋਬਾਈਲ ਟਾਵਰ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੇ ਆਪਣਾ ਰੋਸ ਜ਼ਾਹਰ ਕਰਦਿਆਂ ਟਾਵਰ ਵਰਕਰਾਂ ਨੂੰ ਕੰਮ ਸ਼ੁਰੂ ਕਰਨ ਤੋਂ ਰੋਕ ਦਿੱਤਾ। ਮਨੁੱਖ ਜਾਤੀ ਅਤੇ ਪਸ਼ੂਆਂ ਦੇ ਲਈ ਘਾਤਕ ਕਿਰਨਾਂ ਵਾਲੇ ਟਾਵਰ ਨੂੰ ਪਿੰਡ ਵਿੱਚ ਨਾ ਲਗਾਉਣ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਵੀ ਆਪਣਾ ਮੰਗ ਪੱਤਰ ਦਿੱਤਾ।

..............................

ਪਿੰਡ ਵਾਸੀਆਂ ਦੀ ਇਤਰਾਜ਼

ਪਿੰਡ ਵਾਸੀਆਂ ਰੌਸ਼ਨ ਸਿੰਘ, ਫੌਜਾ ਸਿੰਘ, ਮੁਖਤਿਆਰ ਸਿੰਘ, ਮਹਿੰਦਰ ਸਿੰਘ, ਤਰਲੋਕ ਸਿੰਘ ਅਤੇ ਇਸ ਸੋਹਣ ਸਿੰਘ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਵਿਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਸੰਘਣੀ ਆਬਾਦੀ 'ਚ ਨਿੱਜੀ ਕੰਪਨੀ ਦਾ ਨਵਾਂ ਮੋਬਾਈਲ ਟਾਵਰ ਲੱਗ ਰਿਹਾ ਹੈ, ਜਿਸ ਦੀਆਂ ਕਿਰਨਾਂ ਇਨਸਾਨੀ ਜਾਤੀ ਅਤੇ ਪਸ਼ੂਆਂ ਤੋਂ ਇਲਾਵਾ ਹੋਰਨਾਂ ਪਾਲਤੂ ਜੀਵ ਜਾਨਵਰਾਂ ਲਈ ਬੇਹੱਦ ਖ਼ਤਰਨਾਕ ਹੋਵੇਗਾ। ਡਿਪਟੀ ਕਮਿਸ਼ਨਰ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਟਾਵਰ ਵਾਸਤੇ ਜਰਨੇਟਰ ਤੋਂ ਪੈਦਾ ਹੋਣ ਵਾਲੀ ਆਵਾਜ਼ ਦਿਲ ਦੇ ਮਰੀਜ਼ਾਂ ਲਈ, ਗਰਭਵਤੀ ਅੌਰਤਾਂ ਤੇ ਵਿਦਿਆਰਥੀਆਂ ਲਈ ਇੱਕ ਵੱਡੀ ਪ੍ਰਰੇਸ਼ਾਨੀ ਪੈਦਾ ਕਰੇਗੀ। ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨਿੱਜੀ ਕੰਪਨੀ ਵੱਲੋਂ ਲੱਗ ਰਹੇ ਵਾਲੇ ਇਸ ਟਾਵਰ ਨੂੰ ਰੋਕਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੀਮਤ 'ਤੇ ਇਸ ਟਾਵਰ ਨੂੰ ਪਿੰਡ ਵਿਚ ਨਹੀਂ ਲੱਗਣ ਦਿੱਤਾ ਜਾਵੇਗਾ।

..........................

ਪ੍ਰਸ਼ਾਸਨ ਪਹਿਲ ਦੇ ਅਧਾਰ 'ਤੇ ਇਸ ਪਾਸੇ ਦੇਵੇ ਧਿਆਨ : ਸਰਪੰਚ ਮੁਖਤਿਆਰ ਸਿੰਘ

ਪਿੰਡ ਵਾਸੀਆਂ ਅਤੇ ਪੰਚਾਇਤ ਦੇ ਹੱਕ ਵਿਚ ਨਿੱਤਰਦਿਆਂ ਸਰਪੰਚ ਮੁਖਤਿਆਰ ਸਿੰਘ ਨੇ ਕਿਹਾ ਕਿ ਪਿੰਡ ਦੇ ਰਕਬੇ ਵਿਚ ਕਿਤੇ ਵੀ ਮੋਬਾਈਲ ਟਾਵਰ ਨੂੰ ਲੱਗਣ ਦੀ ਆਗਿਆ ਨਹੀਂ ਦੇਵਾਂਗੇ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ 'ਤੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

...................................

ਟਾਵਰ ਦਾ ਡੱਟ ਕੇ ਕਰਾਂਗੇ ਵਿਰੋਧ : ਰੇਸ਼ਮ ਸਿੰਘ ਹਜ਼ਾਰਾ

ਇਲਾਕੇ ਦੇ ਮੋਹਤਬਰ ਬਾਰੇ ਰੇਸ਼ਮ ਸਿੰਘ ਹਜ਼ਾਰਾ ਨੇ ਕਿਹਾ ਹੈ ਕਿ ਖ਼ਤਰਨਾਕ ਕਿਰਨਾਂ ਵਾਲੇ ਇਸ ਟਾਵਰ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਜਿਸ ਤੋਂ ਲਈ ਪਿੰਡ ਵਾਸੀ ਅਤੇ ਨੇੜਲੇ ਇਲਾਕੇ ਦੇ ਲੋਕ ਇਕਜੁੱਟ ਹਨ।