ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ :

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਇੱਥੇ ਜ਼ਿਲ੍ਹਾ ਉੱਪ ਨਿਗਰਾਨ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਪਾਵਰਕਾਮ ਮੈਨੇਜਮੈਂਟ ਤੇ ਠੇਕੇਦਾਰਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸਬੋਧਨ ਕਰਦਿਆਂ ਸਰਕਲ ਪ੍ਰਧਾਨ ਚੌਧਰ ਸਿੰਘ ਨੇ ਕਿਹਾ ਕਿ ਪਾਵਰਕਾਮ ਵਿਭਾਗ 'ਚ ਠੇਕਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਠੇਕੇਦਾਰਾਂ ਵੱਲੋਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਾਨ ਜੋਖ਼ਮ 'ਚ ਬਿਨਾਂ ਸੇਫ਼ਟੀ ਕੰਮ ਕਰਦੇ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਠੇਕੇਦਾਰਾਂ ਵੱਲੋਂ ਬਿਨਾਂ ਨੋਟਿਸ ਦਿੱਤੇ ਕਾਮਿਆਂ ਨੂੰ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀ ਮੈਨਜਮੈਂਟ ਵੱਲੋਂ ਹਰ ਸਾਲ ਬਿਜਲੀ ਸਪਲਾਈ ਨੂੰ ਚਾਲੂ ਰੱਖਣ ਲਈ ਕੰਪਲੇਂਟ ਸਟੋਰਾਂ 'ਤੇ ਠੇਕੇ ਦੇ ਅਧਾਾਰ 'ਤੇ ਕਾਮੇ ਰੱਖੇ ਜਾਂਦੇ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਵਰਕ ਆਡਰ ਜਾਰੀ ਕੀਤਾ ਜਾਂਦਾ ਹੈ, ਜਿਨ੍ਹਾਂ ਕਾਮਿਆਂ 'ਤੇ ਵਿਭਾਗ ਦੀਆਂ ਕੁਝ ਸ਼ਰਤਾਂ ਵੀ ਲਾਗੂ ਹੁੰਦੀਆਂ ਹਨ ਪਰ ਬੀਤੇ ਕੁਝ ਲੰਮੇ ਅਰਸੇ ਤੋਂ ਠੇਕੇਦਾਰਾਂ ਵੱਲੋਂ ਇਨ੍ਹਾਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਜਦੋਂ ਕਾਮਿਆਂ ਵੱਲੋਂ ਇਨ੍ਹਾਂ ਸ਼ਰਤਾਂ ਪ੍ਰਤੀ ਠੇਕੇਦਾਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਠੇਕੇਦਾਰਾਂ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਕਾਮਿਆਂ ਨੂੰ ਕੱਢ ਦਿੱਤਾ ਹੈ। ਜਿਸ ਦੀ ਤਾਜਾ ਮਿਸਾਲ ਬੀਤੇ ਦਿਨੀਂ ਠੇਕੇਦਾਰਾਂ ਵੱਲੋਂ ਕੱਢੇ ਗਏ 12 ਕਾਮਿਆਂ ਤੋਂ ਮਿਲਦੀ ਹੈ। ਜਦੋਂਕਿ ਇਹ ਕਾਮੇ ਬਿਨਾਂ ਸੇਫ਼ਟੀ ਸਮਾਨ ਦੇ ਲਾਈਨਾਂ 'ਤੇ ਕੰਮ ਕਰਦੇ ਹਨ ਤੇ ਕਈ ਵਾਰ ਆਪਣੀਆਂ ਜਾਨਾਂ ਵੀ ਜ਼ੋਖਮ ਵਿਚ ਪਾ ਦਿੰਦੇ ਹਨ।

ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਠੇਕਾ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਤੇ ਜੇਕਰ ਕੱਢੇ ਗਏ ਕਾਮਿਆਂ ਨੂੰ ਬਹਾਲ ਨਾ ਕੀਤਾ ਤਾਂ ਉਹ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਵੀ ਤੇਜ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਧਰਨੇ ਨੂੰ ਟੀਐੱਸਯੂ ਦੇ ਸਰਕਲ ਪ੍ਰਧਾਨ ਜਰਨੈਲ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਘ, ਬਲਜਿੰਦਰ ਸ਼ਰਮਾ, ਗੁਰਦੀਪ ਸਿੰਘ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਅਤੇ ਅਬੋਹਰ ਤੋਂ ਸਕੱਤਰ ਨਿਰਮਲ ਕੁਮਾਰ, ਮਨਿੰਦਰ ਸਿੰਘ ਨੇ ਵੀ ਸਬੋਧਨ ਕੀਤਾ।