ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਲੋਕ ਨਿਰਮਾਣ ਵਿਭਾਗ ਫਿਰੋਜ਼ਪੁਰ ਦੇ ਕਰਮਚਾਰੀਆਂ ਵੱਲੋਂ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਮੰਗਲਵਾਰ ਨੂੰ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ 'ਤੇ ਪੀਐੱਸਐੱਮਐੱਸਯੂ ਜ਼ਿਲ੍ਹਾ ਫਿਰੋਜ਼ਪੁਰ ਦੀ ਅਗਵਾਈ ਵਿਚ ਦੂਜੇ ਦਿਨ ਵੀ ਵਿਭਾਗ ਦਾ ਕੰਮ-ਕਾਜ ਮੁਕੰਮਲ ਤੌਰ 'ਤੇ ਬੰਦ ਕਰਕੇ ਹੜਤਾਲ ਕੀਤੀ ਗਈ ਅਤੇ ਨਿਰਮਾਣ ਭਵਨ ਦੇ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ।

ਇਸ ਧਰਨੇ ਦੀ ਅਗਵਾਈ ਪਰਮਜੀਤ ਸਿੰਘ ਗਿੱਲ ਜ਼ਿਲ੍ਹਾ ਚੇਅਰਮੈਨ ਪੀਐੱਸਐੱਸਐੱਸਯੂ ਅਤੇ ਜਸਪਾਲ ਸਿੰਘ ਸੁਪਰਡੈਂਟ ਨੇ ਕੀਤੀ। ਇਸ ਰੋਸ ਧਰਨੇ ਵਿਚ ਲੋਕ ਨਿਰਮਾਣ ਵਿਭਾਗ ਦੇ ਸਮੂਹ ਕਰਮਚਾਰੀਆਂ ਨੇ ਹਿੱਸਾ ਲੈ ਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਪ੍ਰਦੀਪ ਕੁਮਾਰ ਪ੍ਰਧਾਨ ਡੀਸੀ ਦਫਤਰ ਕਰਮਚਾਰੀ ਯੂਨੀਅਨ ਫਿਰੋਜ਼ਪੁਰ, ਸੋਨੂੰ ਕਸ਼ਅਪ ਸੀਪੀਐੱਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ, ਵਰੁਣ ਕੁਮਾਰ ਪ੍ਰਧਾਨ ਸਿੱਖਿਆ ਵਿਭਾਗ ਮਨਿਸਟੀਰੀਅਲ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ, ਅਮਰ ਸਿੰਘ ਸੀਪੀਐੱਫ ਕਰਮਚਾਰੀ ਯੂਨੀਅਨ ਸਿੱਖਿਆ ਵਿਭਾਗ, ਕਿ੍ਸ਼ਨ ਚੰਦ ਜਾਗੋਵਾਲੀਆ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਬਿਨਾ ਵਜ੍ਹਾ ਤਿੰਨ ਵਿਭਾਗਾਂ ਪੀਡਬਲਯੂਡੀ, ਸਿੰਚਾਈ ਵਿਭਾਗ ਅਤੇ ਪਬਲਿਕ ਹੈੱਲਥ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਰੱਖੀਆਂ ਹਨ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਿਰਫ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਕੇ ਡੰਗ ਟਪਾਊ ਨੀਤੀ ਅਪਨਾਕੇ ਸਮਾਂ ਬਤਾ ਰਹੀ ਹੈ, ਜਦਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਤਨਖਾਹਾਂ ਲੇਟ ਹੋਣ ਕਾਰਨ ਮੁਲਾਜ਼ਮਾਂ ਨੂੰ ਘਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਰੋਜ਼ ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਮੁਲਾਜ਼ਮ ਪੈਸੇ ਪੈਸੇ ਨੂੰ ਤਰਸ ਰਹੇ ਹਨ। ਉਕਤ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਤਿੰਨਾਂ ਵਿਭਾਗਾਂ ਦੀਆਂ ਤਨਖਾਹਾਂ ਜਲਦ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਪੰਜਾਬ ਦੇ ਸਮੁੱਚੇ ਵਿਭਾਗਾਂ ਦਾ ਕੰਮ ਕਾਜ ਠੱਪ ਕਰ ਦਿੱਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਸਮੂਹ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕ ਨਿਰਮਾਣ ਵਿਭਾਗ ਅਤੇ ਹੋਰ ਵਿਭਾਗ ਜਿਨ੍ਹਾਂ ਨੂੰ ਅਜੇ ਤੱਕ ਤਨਖਾਹ ਜਾਰੀ ਨਹੀ ਕੀਤੀ ਗਈ, ਉਨ੍ਹਾਂ ਨੂੰ ਤੁਰੰਤ ਤਨਖਾਹਾਂ ਦੀ ਅਦਾਇਗੀ ਕੀਤੀ ਜਾਵੇ। ਇਸ ਰੋਸ ਧਰਨੇ ਨੂੰ ਪਰਮਜੀਤ ਸਿੰਘ ਗਿੱਲ, ਪ੍ਰਧਾਨ ਮਨਿਸਟੀਰੀਅਲ ਸਰਵਿਸਿਜ਼ ਐਸੋਸੀਏਸ਼ਨ ਲੋਕ ਨਿਰਮਾਣ ਵਿਭਾਗ ਫਿਰੋਜ਼ਪੁਰ, ਹਰਭਜਨ ਕੌਰ ਸੁਪਰਡੈਂਟ, ਵੀਰ ਕੌਰ ਸੁਪਰਡੈਂਟ, ਗੌਰਵ ਅਰੋੜਾ ਜਨਰਲ ਸਕੱਤਰ ਸੀਪੀਐੱਫ ਕਰਮਚਾਰੀ ਯੂਨੀਅਨ ਲੋਕ ਨਿਰਮਾਣ ਵਿਭਾਗ, ਜਗਸੀਰ ਸਿੰਘ ਭਾਂਗਰ ਜਨਰਲ ਸਕੱਤਰ ਲੋਕ ਨਿਰਮਾਣ ਵਿਭਾਗ, ਸੰਦੀਪ ਕੁਮਾਰ ਡਾਕਟਰ , ਜਸਵਿੰਦਰ ਸਿੰਘ ਪ੍ਰਧਾਨ ਕਰਮਚਾਰੀ ਦਲ ਜ਼ਿਲ੍ਹਾ ਫਿਰੋਜ਼ਪੁਰ, ਰੂਪ ਸਿੰਘ ਸੀਪੀਐੱਫ ਕਰਮਚਾਰੀ ਯੂਨੀਅਨ ਲੋਕ ਨਿਰਮਾਣ ਵਿਭਾਗ, ਪਰਮਜੀਤ ਸਿੰਘ ਦਿਓਲ ਐੱਸਡੀਓ ਨੇ ਵੀ ਸੰਬੋਧਨ ਕੀਤਾ ਅਤੇ ਤਨਖਾਹਾਂ ਤੁਰੰਤ ਅਦਾ ਕਰਨ ਦੀ ਮੰਗ ਕੀਤੀ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਸਮੂਹ ਕਰਮਚਾਰੀਆਂ ਨੇ ਵਿਭਾਗ ਦਾ ਕੰਮ ਕਾਜ ਮੁਕੰਮਲ ਰੂਪ ਵਿਚ ਠੱਪ ਕਰਕੇ ਰੋਸ ਧਰਨੇ ਵਿਭਾਗ ਭਾਗ ਲਿਆ ਅਤੇ ਐਲਾਨ ਕੀਤਾ ਕਿ ਜਿੰਨਾ ਚਿਰ ਵਿਭਾਗ ਦੇ ਸਮੂਹ ਮੁਲਾਜ਼ਮਾਂ ਦੀ ਤਨਖਾਹ ਰਿਲੀਜ਼ ਨਹੀ ਹੁੰਦੀ ਉਨ੍ਹਾਂ ਚਿਰ ਇਹ ਕਲਮ ਛੋੜ ਹੜਤਾਲ ਅਤੇ ਰੋਸ ਰੈਲੀਆਂ ਜਾਰੀ ਰਹਿਣਗੀਆਂ।