ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਸ਼ਹਿਰ ਵਾਸੀਆਂ ਲਈ ਵਧੀਆ ਟਰੈਫਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੜਕਾਂ ਦੇ ਕਈ ਵੱਡੇ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਆਰਿਫ ਕੇ ਤੋਂ ਲੈ ਕੇ ਕੁਤਬੇ ਤੱਕ ਕਰੀਬ 54 ਕਰੋੜ ਦੀ ਲਾਗਤ ਨਾਲ ਸੜਕ ਤਿਆਰ ਕੀਤੀ ਜਾਵੇਗੀ ਜੋ ਕਿ 10 ਮੀਟਰ ਚੋੜੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਕਰੀਬ 175 ਕਰੋੜ ਦੀ ਲਾਗਤ ਨਾਲ ਪਿੰਡ ਸੂਬਾ ਕਦੀਮ, ਕਰੀਆਂ ਪਹਿਲਵਾਨ, ਖਲਚੀਆਂ ਜਦੀਦ, ਸੂਬਾ ਕਾਹਨ ਚੰਦ, ਹਾਜੀ ਛੀਂਬਾ, ਫੱਤੂ ਵਾਲਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਫਿਰੋਜ਼ਪੁਰ ਬਾਈਪਾਸ ਤਿਆਰ ਹੋਵੇਗਾ ਜੋ ਕਿ ਸ਼੍ਰੀ ਮੁਕਸਤਰ ਸਾਹਿਬ ਰੋਡ ਨਾਲ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਫਿਰੋਜ਼ਪੁਰ ਬਾਈਪਾਸ ਬਣਵਾਉਣ ਦਾ ਵਾਦਾ ਕੀਤਾ ਗਿਆ ਸੀ ਜਿਸ ਨੂੰ ਪੂਰਾ ਕਰਦੇ ਹੋਏ ਇਹ ਪ੍ਰਾਜੈਕਟ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਮਨਜੂਰੀ ਮਿੱਲ ਚੁੱਕੀ ਹੈ , ਜਿਸ ਦਾ ਪੱਤਰ ਨੰਬਰ ਆਰਡਬਲਯੂਐਨਐਚ/12014/1477/ਪੀਬੀ/020/ਜੋਨ-2 ਹੈ। ਵਿਧਾਇਕ ਪਿੰਕੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਇੱਕ ਹੋਰ ਵੱਡਾ ਪ੍ਰਾਜਕੈਟ ਜਿਸ ਵਿੱਚ 250 ਕਰੋੜ ਦੀ ਲਾਗਤ ਨਾਲ ਫਿਰੋਜ਼ਪੁਰ ਤੋਂ ਸ਼੍ਰੀ ਮੁਕਸਤਰ ਸਾਹਿਬ ਸੜਕ ਨੂੰ ਵੀ 10 ਮੀਟਰ ਚੋੜਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਫਿਰੋਜ਼ਪੁਰ ਵਾਸੀਆਂ ਨੂੰ ਜਿੱਥੇ ਟਰੈਫਿਕ ਦੀ ਸਸੱਸਿਆ ਤੋਂ ਨਿਜਾਤ ਮਿਲੇਗੀ ਉਥੇ ਹੀ ਸੜਕ ਹਾਦਸਿਆਂ ਤੋਂ ਵੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਵੱਧ ਰਹੇ ਪ੍ਰਦੂਸ਼ਨ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਾਈਪਾਸ ਦੇ ਤਿਆਰ ਹੋਣ ਨਾਲ ਜੋ ਵੱਡੀਆਂ ਗੱਡੀਆਂ ਹਨ , ਹੁਣ ਇਸ ਉਪਰੋਂ ਦੀਆਂ ਜਾਣਗੀਆਂ ਜਿਸ ਨਾਲ ਸ਼ਹਿਰ ਦੀਆਂ ਸੜਕਾਂ ਜੋ ਕਿ ਟੁੱਟ ਜਾਂਦੀਆਂ ਸਨ ਉਸ ਤੋਂ ਵੀ ਕਾਫੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਇਸ ਬਾਈਪਾਸ ਦੇ ਬਣਨ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਮੁੱਲ ਵਿਚ ਵੀ ਵਾਧਾ ਹੋਵੇਗਾ ਅਤੇ ਵਿੱਤੀ ਪੱਖੌਂ ਕਿਸਾਨਾਂ ਦੇ ਹਾਲਾਤ ਵਧੀਆ ਹੋਣਗੇ। ਵਿਧਾਇਕ ਪਿੰਕੀ ਨੇ ਕਿਹਾ ਕਿ ਹਲਕਾ ਵਾਸੀਆਂ ਨੂੰ ਹਰ ਤਰ੍ਹਾਂ ਦੀ ਵਧੀਆਂ ਸਹੂਲਤ ਦੇਣ ਲਈ ਉਹ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਉਹ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਕਈ ਵੱਡੇ ਪ੍ਰਾਜੈਕਟ ਲੈ ਕੇ ਆ ਰਹੇ ਹਨ , ਜਿਸ ਨਾਲ ਫਿਰੋਜ਼ਪੁਰ ਸੂਬੇ ਦੇ ਮੋਹਰੀ ਜ਼ਿਲ੍ਹਿਆਂ ਵਿਚੋਂ ਇੱਕ ਜ਼ਿਲ੍ਹਾ ਬਣੇਗਾ ਅਤੇ ਜਿਸ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ। ਇਸ ਮੋਕੇ ਉਨ੍ਹਾਂ ਦੇ ਨਾਲ ਬਲਾਕ ਸੰਮਤੀ ਚੇਅਰਮੈਨ ਬਲਬੀਰ ਬਾਠ, ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਧਰਮਜੀਤ ਸਿੰਘ, ਬਿੱਟੂ ਸਾਂਘਾ, ਰਿੰਕੂ ਗਰੋਵਰ, ਅਮਨ ਰੱਖੜੀ, ਪਰਮਿੰਦਰ ਹਾਂਡਾ, ਬਲੋਸਮ ਥਿੰਦ , ਸਤਨਾਮ ਸਿੰਘ , ਬੋਹੜ ਸਿੰਘ ਕੌਂਸਲਰ ਅਤੇ ਹੋਰ ਵੀ ਕਈ ਹਾਜ਼ਰ ਸਨ।

Posted By: Jagjit Singh