ਸਚਿਨ ਮਿੱਢਾ, ਜਲਾਲਾਬਾਦ : ਭਾਵੇਂ ਟੋਲ ਪਲਾਜ਼ਾ ਸਰਵਿਸ ਦੇ ਨਾਂ 'ਤੇ ਰੋਜ਼ਾਨਾ ਵਾਹਨ ਚਾਲਕਾਂ ਕੋਲੋਂ ਟੈਕਸ ਵਸੂਲੀ ਕਰਦਾ ਹੈ ਪਰ ਜਲਾਲਾਬਾਦ ਦੇ ਨਵੇਂ ਬੱਸ ਅੱਡੇ ਨਜ਼ਦੀਕ ਬਰਸਾਤੀ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੋਣ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਮੀਂਹ ਪੈਂਦਾ ਹੈ, ਇਥੇ ਕਈ ਕਈ ਦਿਨਾਂ ਤਕ ਪਾਣੀ ਸੁੱਕਣ ਦਾ ਨਾਂ ਨਹੀਂ ਲੈਂਦਾ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਵੇਂ ਬੱਸ ਅੱਡੇ ਤੋਂ ਲੈ ਕੇ ਬੀਐੱਸਐੱਫ ਰੋਡ ਤਕ ਜ਼ਿਆਦਾਤਰ ਸਪੇਅਰ ਪਾਰਟਸ ਤੇ ਰਿਪੇਅਰ ਕਰਨ ਵਾਲੇ ਮਿਸਤਰੀਆਂ ਦੀਆਂ ਦੁਕਾਨਾਂ ਹਨ ਅਤੇ ਇਥੋਂ ਦੇ ਚਾਵਲਾ ਮਸ਼ੀਨਰੀ ਸਟੋਰ ਦੇ ਸੰਚਾਲਕ ਰਿੰਕੂ ਚਾਵਲਾ, ਤੀਰਥ ਮਿਸਤਰੀ, ਬਲਤੇਜ ਮਿਸਤਰੀ, ਗੁਰਦਿਆਲ ਸਿੰਘ, ਉੱਪਲ ਮਿਸਤਰੀ ਨੇ ਦੱਸਿਆ ਕਿ ਮੀਂਹ ਪੈਣ ਤੋਂ 4-5 ਦਿਨਾਂ ਤਕ ਪਾਣੀ ਇਥੇ ਜਮ੍ਹਾ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਦੌਰਾਨ ਸ਼ਹਿਰ ਦੇ ਹੋਰ ਹਿੱਸਿਆਂ 'ਚ ਸੀਵਰੇਜ ਤੋਂ ਓਵਰ ਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੂਜਾ ਸੜਕ ਦੇ ਆਸ-ਪਾਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਇੱਥੇ ਪਾਣੀ ਕਈ ਕਈ ਦਿਨਾਂ ਤਕ ਇਕੱਠਾ ਜਮ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ਵਾਲੇ ਰੋਜ਼ਾਨਾ ਬਿਹਤਰ ਸਹੂਲਤਾਂ ਦੇਣ ਦੇ ਨਾਂ 'ਤੇ ਟੈਕਸ ਵਸੂਲਦੇ ਹਨ ਪਰ ਸਹੂਲਤਾਂ ਦੇ ਨਾਂ 'ਤੇ ਪਾਣੀ ਦੀ ਨਿਕਾਸੀ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੀ ਮੰਗ ਹੈ ਕਿ ਇਸ ਰੋਡ 'ਤੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਤੇ ਰਾਹਗਿਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।