ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ 'ਚ ਲਗਾਤਾਰ ਵੱਧ ਰਹੇ ਨਸ਼ਿਆਂ ਕਾਰਨ ਜਿੱਥੇ ਨੌਜਵਾਨ ਅਣਿਆਈ ਮੌਤ ਦੇ ਮੁੰਹ 'ਚ ਜਾ ਰਹੇ ਹਨ, ਉਥੇ ਕੁੱਝ ਲੋਕਾਂ ਵੱਲੋਂ ਮੌਤ ਦੀ ਇਸ ਖੇਡ ਤੋਂ ਬਚਾਉਣ ਦੇ ਨਾਂਅ 'ਤੇ ਆਪਣੇ ਧੰਦੇ ਖੋਲ੍ਹੇ ਜਾ ਰਹੇ ਹਨ। ਅਜਿਹਾ ਕੁੱਝ ਹੀ ਮਖੂ ਦੇ ਗੈਰ ਕਨੂੰਨੀ ਨਸ਼ਾ ਛੁਡਾਊ ਕੇਂਦਰ ਨਵੀਂ ਕਿਰਨ 'ਤੇ ਜ਼ਿਲ੍ਹਾ ਟੀਮ ਵੱਲੋਂ ਮਾਰੇ ਛਾਪੇ ਮਗਰੋਂ ਸਾਹਮਣੇ ਆ ਰਿਹਾ ਹੈ। ਜਿਥੇ ਬੀਤੀ 3 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀਆਂ ਹਦਾਇਤਾਂ 'ਤੇ ਉਚ ਪੱਧਰੀ ਟੀਮ ਵੱਲੋਂ ਨਵੀਂ ਕਿਰਨ ਨਸ਼ਾ ਛੁਡਾਊ ਕੇਂਦਰ ਮਖੂ 'ਤੇ ਛਾਪਾਮਾਰੀ ਕਰਦਿਆਂ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਤਾਂ ਪਾਈਆਂ ਗਈਆਂ ਸਨ, ਪਰ ਬਾਅਦ ਵਿਚ ਹੋਈ ਉਲਟ ਫੇਰ ਦੌਰਾਨ ਛਾਪੇਮਾਰ ਟੀਮ ਦੇ ਮੈਂਬਰਾਂ ਨੂੰ ਰਿਪੋਰਟ ਨੂੰ ਪ੍ਰਭਾਵਿਤ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਈ ਹੋਰ ਦੋਸ਼ ਲਾਉਂਦਿਆਂ ਬੁੱਧਵਾਰ ਨੂੰ ਪ੍ਰਰੈਸ ਕਲੱਬ ਫਿਰੋਜ਼ਪੁਰ ਵਿਖੇ ਨਵ ਕਿਰਨ ਨਸ਼ਾ ਛੁਡਾਊ ਕੇਂਦਰ ਦੇ ਕੁੱਝ ਪੀੜਤਾਂ ਵੱਲੋਂ ਪ੍ਰਰੈਸ ਕਾਨਫਰੰਸ ਕੀਤੀ ਗਈ। ਪ੍ਰਰੈਸ ਕਾਨਫਰੰਸ ਦੌਰਾਨ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ 'ਤੇ ਦੋਸ਼ ਲਾਉਂਦਿਆਂ ਸੁਖਦੇਵ ਸਿੰਘ ਵਾਸੀ ਪਿੰਡ ਨੰਗਲ ਡਾਕਖਾਨਾ ਮਖੂ, ਤਹਿਸੀਲ ਜ਼ੀਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਜਦੋਂ ਉਹ ਨਸ਼ਾ ਛੱਡਣ ਲਈ ਕੇਂਦਰ 'ਚ ਆਇਆ ਸੀ ਤਾਂ ਉਸ ਨੂੰ ਸਪੈਸ਼ਲ ਵੀਆਈਪੀ ਇਲਾਜ ਤੇ ਖਾਣੇ ਦੀਆਂ ਸਹੂਲਤਾਂ ਦੇਣ ਦਾ ਕਹਿ ਕਿ 25000/- ਰੁਪਏ ਵਸੂਲੇ ਗਏ। ਜਦਕਿ ਟੈਸਟਾਂ ਵਗੈਰਾ ਦਾ ਖਰਚਾ ਪਾ ਕੇ ਉਸ ਨੂੰ 36000/- ਰੁਪਏ 'ਚ ਇਕ ਮਹੀਨਾ ਦਾਖਲ ਰਹਿਣਾ ਪਿਆ। ਉਸ ਨੇ ਦੱਸਿਆ ਕਿ ਆਮ ਇਲਾਜ ਲਈ ਪ੍ਰਤੀ ਮਰੀਜ਼ 1300/- ਤੋਂ ਪੰਦਰਾਂ ਹਜ਼ਾਰ ਰੁਪਏ ਵਸੂਲੇ ਜਾਂਦੇ ਹਨ। ਛਾਪੇਮਾਰੀ ਨੂੰ ਕਥਿਤ ਤੌਰ 'ਤੇ ਡੰਗ ਟਪਾਊ ਕਹਿੰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਕੁੱਝ ਅਧਿਕਾਰੀਆਂ ਵੱਲੋਂ ਉਨ੍ਹਾਂ 'ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਹਿਸੀਲ ਦੇ ਇਕ ਅਧਿਕਾਰੀ ਵੱਲੋਂ ਬਾਕੀ ਟੀਮ 'ਤੇ ਛਾਪੇਮਾਰੀ ਦੋਰਾਨ ਸਾਹਮਣੇ ਆਈਆਂ ਕੁੱਝ ਊਣਤਾਈਆਂ ਲੁਕਾਉਣ ਲਈ ਆਖਿਆ ਜਾ ਰਿਹਾ ਹੈ। ਸੁਖਦੇਵ ਨੇ ਦੱਸਿਆ ਕਿ ਕੇਂਦਰ ਵਿਚ ਕੋਈ ਡਾਕਟਰ ਨਹੀਂ ਹੈ ਸਗੋਂ ਖਰੜ ਦੇ ਕਿਸੇ ਡਾਕਟਰ ਦਾ ਲਾਈਸੈਂਸ ਲਟਕਾਇਆ ਹੋਇਆ ਹੈ , ਜੋ ਉਨ੍ਹਾਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਲਈ ਲਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਕੇਂਦਰ ਵਿਚ ਐੱਚਆਈਵੀ ਮਰੀਜ਼ਾਂ ਨੂੰ ਵੀ ਦੂਜੇ ਮਰੀਜ਼ਾਂ ਦੇ ਨਾਲ ਹੀ ਰੱਖਿਆ ਜਾ ਰਿਹਾ ਹੈ , ਜੋ ਕਦੇ ਵੀ ਘਾਤਕ ਸਿੱਧ ਹੋ ਸਕਦਾ ਹੈ।

--------

ਛਾਪੇਮਾਰੀ ਦੌਰਾਨ ਨਹੀਂ ਮਿਲਿਆ ਕੋਈ ਡਾਕਟਰ ਜਾਂ ਮੈਡੀਕਲ ਸਟਾਫ

--ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਹਦਾਇਤ 'ਤੇ ਐੱਸਡੀਐੱਮ ਜ਼ੀਰਾ ਵੱਲੋਂ ਐੱਸਐੱਓ ਮਖੂ ਡਾਕਟਰ ਸੰਦੀਪ ਗਿੱਲ, ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਬਚਨ ਸਿੰਘ 'ਤੇ ਆਧਾਰਿਕ ਟੀਮ ਬਣਾ ਕੇ ਮਖੂ ਦੇ ਨਵੀਂ ਕਿਰਨ ਨਸ਼ਾ ਛੁਡਾਊ ਕੇਂਦਰ 'ਤੇ ਛਾਪੇਮਾਰੀ ਕੀਤੀ ਗਈ ਸੀ। ਪੜਤਾਲ ਦੌਰਾਨ ਨਸ਼ਾ ਮੁਕਤੀ ਲਈ ਦਾਖ਼ਲ 22 ਮਰੀਜ਼ਾਂ ਦੀ ਦੇਖਭਾਲ ਲੲਂੀ ਕੋਈ ਡਾਕਟਰ/ ਮਨੋਵਿਗਿਆਨਕ ਜਾਂ ਕੌਂਸਲਰ ਵੀ ਮੌਕੇ 'ਤੇ ਹਾਜ਼ਰ ਨਹੀਂ ਸੀ। ਇਥੋਂ ਤਕ ਕਿ ਕੋਈ ਸਫਾਈ ਕਰਮਚਾਰੀ ਜਾਂ ਮਰੀਜਾਂ ਦਾ ਖਾਣਾ ਬਣਾਉਣ ਲਈ ਕੁੱਕ ਵੀ ਨਹੀਂ ਸੀ। ਉਕਤ ਕੇਂਦਰ ਦੇ ਦਫ਼ਤਰ ਦੀ ਅਧਿਕਾਰੀਆਂ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਕਿਸੇ ਵੀ ਮਰੀਜ਼ ਦਾ ਕੋਈ ਇਲਾਜ ਜਾਂ ਟੈਸਟਾਂ ਦਾ ਰਿਕਾਰਡ ਮੌਜੂਦ ਨਹੀਂ ਸੀ।

....................................

ਬੱਚੇ ਦੇ ਇਕ ਪਾਸੇ ਏਡਜ਼ ਦਾ ਮਰੀਜ਼ ਅਤੇ ਦੂਜੇ ਪਾਸੇ ਨੰਗੇ ਜ਼ਖ਼ਮਾਂ ਵਾਲਾ ਮਰੀਜ਼

---ਛਾਪੇਮਾਰੀ ਦੌਰਾਨ ਹੈਰਾਨੀਜਨਕ ਪਹਿਲੂ ਇਹ ਸੀ ਕਿ ਉਕਤ ਨਸ਼ਾ ਛੁਡਾਊ ਕੇਂਦਰ 'ਚ ਇੱਕ ਸੋਲਾਂ ਸਾਲ ਦਾ ਮੁੰਡਾ ਨਸ਼ਾ ਛੱਡਣ ਲਈ ਦਾਖਲ ਸੀ, ਉਥੇ ਉਸ ਦੇ ਦੋਵੇਂ ਪਾਸੇ ਦੇ ਬਿਸਤਰਿਆਂ 'ਤੇ ਇਕ ਲੱਤਾਂ ਬਾਹਾਂ 'ਤੇ ਬਿਨਾਂ ਮਲ੍ਹਮ ਪੱਟੀ ਦੇ ਗੰਭੀਰ ਜ਼ਖ਼ਮਾਂ ਵਾਲਾ ਮਰੀਜ਼ ਅਤੇ ਦੂਜੇ ਪਾਸੇ ਏਡਜ਼ ਦਾ ਮਰੀਜ਼ ਵੀ ਦਾਖਲ ਸੀ। ਐੱਚਆਈਵੀ ਪਾਜ਼ਿਟਿਵ ਮਰੀਜ਼ ਨੇ ਖੁਲਾਸਾ ਕੀਤਾ ਕਿ ਉਸ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਪਿੰਡ 'ਚ 200 ਸਾਥੀ ਏਡਜ਼ ਪੀੜਤ ਹਨ। .........................................................................................

ਰਿਪੋਰਟ ਐਸਡੀਐਮ ਨੂੰ ਭੇਜ ਦਿੱਤੀ ਹੈ : ਨਾਇਬ ਤਹਿਸੀਲਦਾਰ

--ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਫਿਰੋਜ਼ਪੁਰ ਦੇ ਇਕ ਨਸ਼ਾ ਛੁਡਾਊ ਕੇਂਦਰ ਦਾ ਸੰਚਾਲਕ ਕਥਿਤ ਤੌਰ 'ਤੇ ਖੁਦ ਡਾਕਟਰ ਹੋਣ, ਸਾਰੀਆਂ ਸਹੂਲਤਾਂ ਅਤੇ ਹੋਰ ਸਭ ਕੁਝ ਸਹੀ ਹੋਣ ਦੀ ਚਰਚਾ ਦੌਰਾਨ ਅਧਿਕਾਰੀਆਂ ਨੇ ਤੁਰੰਤ ਪ੍ਰਭਾਵ ਨਾਲ ਕੇਂਦਰ ਸੀਲ ਕਰ ਦਿੱਤਾ ਸੀ। ਪਰ ਮਖੂ ਦੇ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਨੂੰ ਲਿਖਤੀ ਤੌਰ 'ਤੇ 4 ਦਿਨ ਦੀ ਦਿੱਤੀ ਗਈ ਮੋਹਲਤ ਕਈ ਸਵਾਲ ਖੜ੍ਹੇ ਕਰ ਗਈ। ਇਸ ਸਬੰਧੀ ਪੁੱਛੇ ਜਾਣ 'ਤੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਨੇ ਮੰਨਿਆ ਕਿ ਗੈਰ ਕਨੂੰਨੀ ਨਸ਼ਾ ਛੁਡਾਊ ਕੇਂਦਰ ਨਵੀਂ ਕਿਰਨ ਵਿਚ ਨਾ ਤਾਂ ਕੋਈ ਡਾਕਟਰ ਸੀ ਅਤੇ ਨਾ ਹੀ ਨਰਸਿੰਗ ਸਟਾਫ। ਇਸ ਤੋਂ ਇਲਾਵਾ ਲੰਘੀ ਮਿਆਦ ਵਾਲੀਆਂ ਦਵਾਈਆਂ ਅਤੇ ਏਡਜ਼ ਮਰੀਜ਼ਾਂ ਨੂੰ ਨਾਲ ਰੱਖੇ ਜਾਣ ਸਬੰਧੀ ਸਾਰੀ ਰਿਪੋਰਟ ਉਨ੍ਹਾਂ ਐੱਸਡੀਐੱਮ ਜ਼ੀਰਾ ਨੂੰ ਭੇਜ ਦਿੱਤੀ ਹੈ।

........................................

ਰਿਪੋਰਟ ਮਿਲਣ 'ਤੇ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ

ਇਕ ਪਾਸੇ ਜਿਥੇ ਨਾਇਬ ਤਹਿਸੀਲਦਾਰ ਵੱਲੋਂ ਰਿਪੋਰਟ ਐੱਸਡੀਐੱਮ ਜ਼ੀਰਾ ਨੂੰ ਭੇਜੇ ਜਾਣ ਦੀ ਗੱਲ ਆਖੀ ਜਾ ਰਹੀ ਹੈ, ਪਰ ਦੂਜੇ ਪਾਸੇ ਰਿਪੋਰਟ ਅਜੇ ਤਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੋਲ ਨਹੀਂ ਪਹੁੰਚੀ ਹੈ ਜੋ ਸ਼ਿਕਾਇਤਕਰਤਾ ਦੇ ਉਨ੍ਹਾਂ ਦੋਸ਼ਾਂ ਨੂੰ ਕਿਤੇ ਨਾਲ ਕਿਤੇ ਸਹੀ ਠਹਿਰਾ ਰਿਹਾ ਹੈ, ਜਿੰਨ੍ਹਾਂ ਵਿਚ ਉਸ ਨੇ ਦੋਸ਼ ਲਗਾਇਆ ਹੈ ਕਿ ਅਧਿਕਾਰੀਆਂ ਵੱਲੋਂ ਰਿਪੋਰਟ ਨੂੰ ਪ੍ਰਭਾਵਿਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਗੈਰ ਕਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਜਿਵੇਂ ਹੀ ਰਿਪੋਰਟ ਉਨ੍ਹਾਂ ਕੋਲ ਆਵੇਗੀ , ਇਸ ਮਾਮਲੇ ਵਿਚ ਵੀ ਸਖਤ ਕਾਰਵਾਈ ਕੀਤੀ ਜਾਵੇਗੀ।